Breaking- ਰੇਲ ਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ, ਪਰਿਵਾਰਕ ਮੈਂਬਰਾਂ ਨੇ ਪੁਲਿਸ ਤੇ ਲਾਏ ਦੋਸ਼
ਹੁਸ਼ਿਆਰਪੁਰ, 16 ਜੁਲਾਈ – (ਪੰਜਾਬ ਡਾਇਰੀ) ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਪਠਾਨਕੋਟ ਜਲੰਧਰ ਮੁੱਖ ਰੇਲ ਮਾਰਗ ’ਤੇ ਪੈਂਦੇ ਦਾਰਾਪੁਰ ਰੇਲਵੇ ਫਾਟਕ ਟਾਂਡਾ ਵਿਖੇ ਇੱਕ ਨੌਜਵਾਨ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਉਮਰ ਕਰੀਬ 34 ਸਾਲ ਵਾਸੀ ਸੱਧਰੀਆਂ ਥਾਣਾ ਹਾਜੀਪੁਰ ਵਜੋਂ ਹੋਈ । ਮ੍ਰਿਤਕ ਆਪਣੇ ਪਿੱਛੇ ਦੋ ਸਾਲ ਦੀ ਬੇਟੀ ਤੇ ਪਤਨੀ ਨੂੰ ਰੋਂਦੇ ਵਿਲਕਦੇ ਛੱਡ ਗਿਆ। ਸੂਚਨਾ ਮਿਲਣ ’ਤੇ ਰੇਲਵੇ ਪੁਲਿਸ ਮੌਕੇ ਤੇ ਪਹੁੰਚ ਮ੍ਰਿਤਕ ਦੀ ਲਾਸ਼ ਅਤੇ ਉਸ ਦੇ ਮੋਬਾਇਲ ਫੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕਰ ਦਿੱਤੀ ।
ਮ੍ਰਿਤਕ ਦੇ ਚਾਚੇ ਪਰਮਜੀਤ ਸਿੰਘ, ਪਿਤਾ ਬਲਵੀਰ ਸਿੰਘ ਤੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਮਨਦੀਪ ਵਲੋਂ ਮਰਨ ਤੋਂ ਪਹਿਲਾਂ ਆਪਣੀ ਪਤਨੀ ਦੇ ਮੋਬਾਈਲ ’ਤੇ ਵਾਇਸ ਮੈਸੇਜ ਕਰਕੇ ਭੇਜੀਆਂ ਰਿਕਾਰਡਗਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਨੇੜਲੇ ਪਿੰਡ ਦੇ ਕੁੱਝ ਲੋਕਾਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਸੀ, ਜਿਸ ਤੋਂ ਅਮਨਦੀਪ ਬਹੁਤ ਪ੍ਰੇਸ਼ਾਨ ਸੀ ਤੇ ਦੋ ਦਿਨ ਤੋਂ ਆਪਣੀ ਭੂਆ ਘਰ ਟਾਂਡਾ ਆਇਆ ਸੀ ਤੇ ਅੱਜ ਅਮਨਦੀਪ ਨੇ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ।