Breaking- ਲੱਖਾਂ ਦੀ ਚੋਰੀ, ਇਸ ਵਾਰ ਚੋਰਾਂ ਨੇ ਵੱਖਰੇ ਤਰੀਕੇ ਨਾਲ ਚੋਰੀ ਨੂੰ ਦਿੱਤਾ ਅੰਜਾਮ
ਗੁਰਦਾਸਪੁਰ, 3 ਸਤੰਬਰ – (ਬਾਬੂਸ਼ਾਹੀ ਨੈਟਵਰਕ) ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਚੋਰੀ ਦੀਆਂ ਵਾਰਦਾਤਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਚੋਰ ਘਰਾਂ ਤੇ ਦੁਕਾਨਾਂ ਵਿੱਚ ਵੜ ਕੇ ਚੋਰੀਆਂ ਕਰਦੇ ਰਹਿੰਦੇ ਹਨ। ਇਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਿਲਕੁਲ ਵੱਖਰਾ ਹੈ ਇਸ ਵਾਰ ਚੋਰਾਂ ਨੇ 18 ਟਾਇਰੀ ਟਰੱਕ ਦੀ ਵਰਤੋਂ ਕੀਤੀ ਅਤੇ ਲੱਖਾਂ ਦੇ ਲੋਹੇ ਵਾਲੇ ਵੱਡੇ-ਵੱਡੇ ਗੇਟ ਇਸ ਟਰੱਕ ਵਿਚ ਲੱਦ ਕੇ ਫਰਾਰ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਇਹ ਚੋਰੀ ਦਾ ਮਾਮਲਾ ਕਾਦੀਆਂ ਥਾਣੇ ਦੇ ਅਧੀਨ ਆਉਂਦੇ ਪਿੰਡ ਬਸਰਾਵਾ ਦੇ ਬਾਜੀਗਰ ਡੇਰੇ ਦੀ ਹੈ। ਜਿੱਥੇ ਚੋਰਾਂ ਨੇ ਲੋਹੇ ਦੇ ਗੇਟ ਬਣਾਉਣ ਵਾਲੀਆਂ ਦੋ ਦੁਕਾਨਾਂ ਪ੍ਰਕਾਸ਼ ਗੇਟ ਹਾਊਸ ਅਤੇ ਧੋਨੀ ਗੇਟ ਹਾਊਸ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਗੇਟ ਚੋਰੀ ਕਰ ਲਏ। ਹਾਲਾਂਕਿ ਲੋਹੇ ਦੇ ਗੇਟ ਚੋਰੀ ਕਰ ਕੇ ਲੈ ਜਾਂਦੈ ਚੋਰ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ। ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਚੋਰ ਇਕ ਟਰੱਕ ਵਿਚ ਗੇਟ ਲੱਦ ਕੇ ਲਿਜਾ ਰਹੇ ਹਨ।
ਦੁਕਾਨ ਮਾਲਕਾਂ ਨੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਚੋਰਾਂ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਸਕਰੈਪ ਖੜਕਣ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ ਨੀਂਦ ਵੀ ਖੁੱਲ੍ਹ ਗਈ ਅਤੇ ਉਹ ਮੌਕੇ ਤੇ ਵੀ ਪਹੁੰਚ ਗਏ ਪਰ ਚੋਰ ਉਨ੍ਹਾਂ ਨੂੰ ਆਉਦਿਆਂ ਵੇਖ ਕੇ ਉਹ ਉਥੋ ਟਰੱਕ ਤੇਜ਼ੀ ਨਾਲ ਲੈ ਕੇ ਨਿਕਲ ਗਏ।