Breaking- ਵੱਖ ਵੱਖ ਰਾਜਾਂ ਦੇ ਸੱਭਿਆਚਾਰ, ਵਿਰਾਸਤੀ ਰੰਗ ਬਖੇਰਦਾ ਵਿਰਾਸਤੀ ਕਾਫਲਾ ਕਿਲ੍ਹਾ ਮੁਬਾਰਕ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਪੁੱਜਿਆ
ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਨੇ ਵਿਰਾਸਤੀ ਕਾਫਲੇ ਨੂੰ ਦਿਖਾਈ ਹਰੀ ਝੰਡੀ
ਕਾਫਿਲੇ ਵਿੱਚ ਲੋਕਾਂ ਨੇ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਦੀਆਂ ਵੱਖ ਵੱਖ ਵੰਨਗੀਆਂ ਵੇਖੀਆਂ
ਫਰੀਦਕੋਟ, 21 ਸਤੰਬਰ – (ਪੰਜਾਬ ਡਾਇਰੀ) ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ ਮਨਾਏ ਜਾ ਰਹੇ ਆਗਮਨ ਪੁਰਬ ਦੇ ਸਬੰਧ ਵਿੱਚ ਅੱਜ ਵਿਰਾਸਤੀ ਕਾਫਲਾ ਕਿਲਾ ਮੁਬਾਰਕ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਪੁੱਜੀ। ਇਸ ਵਿਰਾਸਤੀ ਕਾਫਲੇ ਨੂੰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਹਰੀ ਝੰਡੀ ਵਿਖਾਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੇਲੇ ਦੇ ਨੋਡਲ ਅਫਸਰ ਡਾ. ਨਿਰਮਲ ਓਸੇਪਚਨ ਐਸ.ਡੀ.ਐਮ. ਜੈਤੋ, ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ ਤੇ ਐਸ.ਡੀ.ਐਮ. ਕੋਟਕੂਪਰਾ ਮੈਡਮ ਵੀਰਪਾਲ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਪੂਰੇ ਕਾਫਿਲੇ ਵਿੱਚ ਜਿਲੇ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਤੋਂ ਇਲਾਵਾ ਨੌਰਥ ਜੋਨ ਕਲਚਰ ਸੈਂਟਰ ਦੇ ਕਲਾਕਾਰਾਂ ਨੇ ਵੀ ਵੱਖ ਵੱਖ ਰਾਜਾਂ ਦੇ ਸੱਭਿਆਚਾਰ ਨੂੰ ਪੇਸ਼ ਕਰਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆ। ਕਾਫਲੇ ਦੇ ਰਾਹ ਵਿੱਚ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਮੁੱਚੇ ਕਾਫਲੇ ਦਾ ਸਵਾਗਤ ਕੀਤਾ ਗਿਆ ਤੇ ਥਾਂ ਥਾਂ ਤੇ ਲੰਗਰ ਲਗਾਏ ਗਏ। ਕਾਫਲੇ ਦੇ ਦਰਬਾਰ ਗੰਜ ਪੁੱਜਣ ਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਆਪਣੇ ਸੰਬੋਧਨ ਵਿੱਚ ਰਿਹਾ ਕਿ ਅੱਜ ਜਿਲੇ ਦੇ ਲੋਕਾਂ ਨੂੰ ਵੱਖ ਵੱਖ ਰਾਜਾਂ ਦੇ ਸੱਭਿਆਚਾਰ, ਪਹਿਰਾਵੇ ਬਾਰੇ ਵਿਲੱਖਣ ਪੇਸ਼ਕਾਰੀਆਂ ਵੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਰਸ਼ਲ ਆਰਟ ਗੱਤਕਾ ਅਤੇ ਉੱਚ ਕੋਟੀ ਦੇ ਨਾਚਾਂ ਨਾਲ ਵੀ ਕਾਫਲੇ ਨੂੰ ਨਵੀਂ ਰੰਗਤ ਮਿਲੀ। ਇਸ ਮੌਕੇ ਦਰਬਾਰ ਗੰਜ ਵਿਖੇ ਵੀ ਕਲਾਕਾਰਾਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।
ਦਰਬਾਰ ਗੰਜ ਦੇ ਗਰਾਊਂਡ ਵਿਖੇ ਸਜੇ ਵੱਡੇ ਪੰਡਾਲ ਵਿੱਚ ਨਾਰਥ ਜੋਨ ਕਲਚਰ ਸੈਂਟਰ, ਬਰਜਿੰਦਰਾ ਕਾਲਜ, ਯੂਨੀਵਰਸਿਟੀ ਕਾਲਜ ਆਫ ਨਰਸਿੰਘ ਕਾਲਜ, ਬਲਬੀਰ ਸਕੂਲ, ਖਾਲਸਾ ਸਕੂਲ, ਦਿਲੀ ਇੰਟਰਨੈਸ਼ਨਲ ਸਕੂਲ, ਨਿਊ ਮਾਡਲ ਸਕੂਲ, ਬਾਬਾ ਫਰੀਦ ਸਕੂਲ, ਮਹਾਤਮਾ ਗਾਂਧੀ ਆਦਿ ਸਕੂਲਾਂ ਵੱਲੋ ਲੋਕ ਨਾਚ ਗਿੱਧਾ, ਭੰਗੜਾ, ਮਲਵਈ ਗਿੱਧਾ ਆਦਿ ਵੰਨਗੀਆਂ ਪੇਸ਼ ਕਰਕੇ ਮੇਲੇ ਵਿੱਚ ਰੰਗ ਬੰਨਿਆ। ਇਸ ਕਾਫਲੇ ਵਿੱਚ ਸੈਕਟਰੀ ਰੈਡ ਕਰਾਸ ਸ੍ਰੀ ਸੁਭਾਸ਼ ਚੰਦਰ, ਸ੍ਰੀ ਜਸਬੀਰ ਸਿੰਘ ਜੱਸੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ ।