Breaking- ਵੱਡੀ ਖ਼ਬਰ – ਅੰਤਰਰਾਸ਼ਟਰੀ ਹਵਾਈ ਅੱਡੇ ਅੰਦਰ ਵੜਿਆ ਪਾਣੀ, ਭਾਰੀ ਮੀਂਹ ਪੈਣ ਨਾਲ ਲੋਕਾਂ ਦੇ ਘਰ ਤਬਾਹ ਹੋਏ, ਵੇਖੋ ਤਸਵੀਰਾਂ
ਔਕਲੈਂਡ, 27 ਜਨਵਰੀ – (ਬਾਬੂਸ਼ਾਹੀ ਬਿਊਰੋ) ਨਿਊਜ਼ੀਲੈਂਡ ਦੇ ਵਿਚ ਅੱਜ ਮੌਸਮ ਖਾਸ ਕਰਕੇ ਉਤਰੀ ਟਾਪੂ ਦੇ ਵਿਚ ਬਹੁਤ ਵਿਗੜਿਆ ਰਿਹਾ। ਭਾਰੀ ਮੀਂਹ ਨੇ ਲੋਕਾਂ ਦੇ ਘਰ ਤਬਾਹ ਕਰ ਦਿੱਤੇ, ਕਾਰਾਂ ਤੈਰਨ ਲੱਗੀਆਂ, ਪਾਣੀ ਘਰਾਂ ਦੇ ਅੰਦਰ ਵੜ ਗਿਆ, ਏਥੇ ਹੀ ਬੱਸ ਨਹੀਂ ਬੜੀਆਂ ਸਕੀਮਾਂ ਅਤੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਨਾਲ ਤਿਆਰ ਕੀਤਾ ਗਿਆ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਪਾਣੀ ਦੇ ਨਾਲ ਭਰ ਗਿਆ।
ਜਿੱਥੇ ਹਵਾਈ ਯਾਤਰੀਆਂ ਦੀ ਬੋਰਡਿੰਗ ਹੁੰਦੀ ਹੈ, ਉਥੇ ਗੰਦਾ ਪਾਣੀ ਮੀਂਹ ਦਾ ਭਰ ਗਿਆ। ਲਿਫਟਾਂ ਬੰਦ ਹੋ ਗਈਆਂ। ਭਾਰੀ ਮਸ਼ੀਨਰੀ ਦੇ ਖਰਾਬ ਹੋਣ ਦੀ ਸੰਭਾਵਨਾ ਹੈ। ਔਕਲੈਂਡ ਸਿੱਟੀ ਅਤੇ ਹਾਰਬਰ ਬਿ੍ਰਜ ਨੂੰ ਜਾਂਦੇ ਮੋਟਰ ਵੇਅ ਨੂੰ ਕਈ ਭਾਗਾਂ ਵਿਚ ਬੰਦ ਕਰਨਾ ਪਿਆ। ਐਨਾ ਮੀਂਹ ਸ਼ਾਇਦ ਹੀ ਪਹਿਲਾਂ ਪਿਆ ਹੋਵੇ ਕਿ ਮੋਟਰ ਵੇਅ ਉਤੇ ਵੀ ਹੜ੍ਹ ਆ ਗਿਆ ਹੋਵੇ।
30 ਮਿੰਟ ਦੇ ਫਾਸਲੇ ਨੂੰ ਪੂਰਾ ਕਰਨ ਦੇ ਲਈ ਲੋਕਾਂ ਨੂੰ ਤਿੰਨ ਘੰਟੇ ਤੱਕ ਲੱਗ ਗਏ। ਲਗਪਗ 1000 ਲੋਕਾਂ ਨੇ ਐਮਰਜੈਂਸੀ ਸਹਾਇਤਾ ਵਾਸਤੇ ਐਂਬੂਲੈਂਸ, ਪੁਲਿਸ ਅਤੇ ਫਾਇਰ ਬਿ੍ਰਗੇਡ ਦਸਤੇ ਮੰਗਵਾਏ। ਜਿਨ੍ਹਾਂ ਦੇ ਘਰ ਉਜੜ ਗਏ, ਲੋਕ ਰੋਂਦੇ ਵੇਖੇ ਗਏ। ਔਕਲੈਂਡ ਮੇਅਰ ਵੱਲੋਂ ਇਸ ਖੇਤਰ ਵਿਚ 7 ਦਿਨ ਵਾਸਤੇ ਐਮਰਜੈਂਸੀ ਐਲਾਨੀ ਗਈ ਹੈ।
ਨਿਊਜ਼ੀਲੈਂਡ ਦੀ ਫੌਜ ਨੂੰ ਸਹਾਇਤਾ ਵਾਸਤੇ ਬੁਲਾਇਆ ਗਿਆ ਹੈ। ਸ਼ਹਿਰ ਵਿਚ ਹੋਣ ਵਾਲਾ ਇਕ ਵੱਡਾ ਸਮਾਗਮ ਕੈਂਸਿਲ ਕਰਨਾ ਪਿਆ। ਨਾਰਥ ਸ਼ੋਰ ਵਾਲੇ ਪਾਸੇ ਇਕ ਮਿ੍ਰਤਕ ਸਰੀਰ ਵੀ ਹੜ੍ਹ ਦੇ ਵਿਚ ਮਿਲਿਆ ਹੈ। ਦੁਪਹਿਰ 2.30 ਵਜੇ ਮੌਸਮ ਵਿਭਾਗ ਵੱਲੋਂ ਲਗਾਤਾਰ ਹੋਰ ਚੇਤਾਵਨੀਆਂ ਸ਼ੁਰੂ ਹੋ ਗਈਆਂ ਸਨ ਕਿ ਮੌਸਮ ਬਹੁਤ ਖਰਾਬ ਆ ਰਿਹਾ ਹੈ। ਓਹੀ ਗੱਲ ਹੋਈ ਅਤੇ ਰਾਤ 10 ਵਜੇ ਤੱਕ ਪਏ ਭਾਰੀ ਮਹੀਂ ਨੇ ਖੂਬ ਤਬਾਹੀ ਮਚਾਈ। ਸ਼ਾਮ 5.30 ਵਜੇ ਪੱਛਮੀ ਔਕਲੈਂਡ ਦੇ ਵਿਚ ਘਰਾਂ ਅੰਦਰ ਪਾਣੀ ਵੜ ਗਿਆ ਸੀ।