Breaking- ਸਫਾਈ ਸੇਵਕਾਂ ਨੂੰ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈਆਂ ਜਾਣ ਭਲਾਈ ਸਕੀਮਾਂ ਸਬੰਧੀ ਸਹੂਲਤਾਂ-ਡਿਪਟੀ ਕਮਿਸ਼ਨਰ
ਲਾਭਪਾਤਰੀਆਂ ਦੇ ਬੱਚਿਆਂ ਨੂੰ ਸ਼ਕਾਲਰਸ਼ਿਪ ਦਵਾਉਣ ਲਈ ਕੀਤੀ ਜਾਵੇ ਵਿਸ਼ੇਸ਼ ਸਹਾਇਤਾ
ਫਰੀਦਕੋਟ, 21 ਅਪ੍ਰੈਲ – (ਪੰਜਾਬ ਡਾਇਰੀ) ਜਿਲ੍ਹਾ ਪੱਧਰੀ ਮੈਨੂਅਲ ਸਕਵੈਂਜਰ ਐਕਟ ਅਤੇ ਅਨੁਸੂਚਿਤ ਜਾਤੀਆਂ ਤੇ ਅਤਿਆਚਾਰ ਰੋਕਥਾਮ ਐਕਟ 1989 ਤਹਿਤ ਮੀਟਿੰਗ ਡਿਪਟੀ ਕਮਿਸ਼ਨਰ, ਫਰੀਦਕੋਟ ਡਾ. ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੌਰਾਨ ਮੈਂਬਰ ਸਕੱਤਰ ਗੁਰਮੀਤ ਸਿੰਘ ਬਰਾੜ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਫਰੀਦਕੋਟ ਨੇ ਐਕਟ ਬਾਰੇ ਜਾਣਕਾਰੀ ਦਿੱਤੀ ਅਤੇ ਸਥਿਤੀ ਬਾਰੇ ਹਾਊਸ ਨੂੰ ਜਾਣੂ ਕਰਵਾਇਆ ।
ਇਸ ਮੌਕੇ ਮੈਨੂਅਲ ਸਕਵੈਂਜਰ ਐਕਟ 2013 ਅਧੀਨ ਬਣਾਈ ਗਈ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਵਿੱਚ ਸਫਾਈ ਕਰਮਚਾਰੀਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਜਾਣਕਾਰੀ ਲੈਣ ਉਪਰੰਤ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਸਬੰਧਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਕੈਂਪ ਲਗਾ ਕੇ ਦੇਣ ਸਬੰਧੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਲਈ ਸਮੇਂ ਸਮੇਂ ਤੇ ਮੈਡੀਕਲ ਕੈਂਪ ਲਗਾ ਕੇ ਚੈੱਕ ਅੱਪ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਸਿੱਖਿਆ ਅਫਸਰ,ਫਰੀਦਕੋਟ ਨੂੰ ਮਲੀਨ ਧੰਦਾ ਕਰਨ ਵਾਲੇ ਮਾਪਿਆਂ ਦੇ ਬੱਚਿਆਂ ਨੂੰ ਸਕਾਰਲਸ਼ਿਪ ਦਾ ਲਾਭ ਦਿਵਾਉਣ ਅਤੇ ਜਿਲ੍ਹਾ ਮੈਨੇਜਰ ਐਸ.ਸੀ ਕਾਰਪੋਰੇਸ਼ਨ ਅਤੇ ਜਿਲ੍ਹਾ ਲੀਡ ਬੈਂਕ ਮੈਨੈਜ਼ਰ ਫਰੀਦਕੋਟ ਨੂੰ ਸਫਾਈ ਦੇ ਧੰਦੇ ਨਾਲ ਜੁੜੇ ਮਾਪਿਆਂ ਦੇ ਬੱਚਿਆਂ ਨੂੰ ਟ੍ਰੇਨਿੰਗ ਦਵਾ ਕੇ ਹੋਰ ਧੰਦਿਆਂ ਨਾਲ ਜੋੜਨ ਸਬੰਧੀ ਕਰਜੇ ਦਿਵਾਉਣ ਵਿਚ ਸਹਾਇਤਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਇਨ੍ਹਾਂ ਪਰਿਵਾਰਾਂ ਦਾ ਮੁੜ ਵਸੇਬਾ ਹੋ ਸਕੇ ਅਤੇ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਨੀਲਮ ਰਾਣੀ, ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀ. ਸ੍ਰੀ ਪਵਨ ਕੁਮਾਰ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਪ੍ਰਦੀਪ ਦਿਉੜਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਅਤੇ ਐਨ.ਜੀ.ਓ ਮੈਂਬਰ ਸ੍ਰੀ ਪ੍ਰਵੀਨ ਕਾਲਾ ਹਾਜ਼ਰ ਸਨ।