Breaking- ਹੁਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਜਾਣ ਵਾਲੇ ਸ਼ਰਧਾਲੂਆਂ ਨੂੰ ਵੀਡੀਓ ਬਣਾਉਣ ਦੀ ਆਗਿਆ ਹੋਵੇਗੀ – SGPC ਪ੍ਰਧਾਨ ਨੇ ਦਿੱਤਾ ਭਰੋਸਾ
ਅੰਮ੍ਰਿਤਸਰ, 1 ਦਸੰਬਰ – (ਬਾਬੂਸ਼ਾਹੀ ਨੈਟਵਰਕ) ਐਨ ਆਰ ਆਈ ਵਰਡ ਆਰਗੇਨਈਜ਼ੇਸ਼ਨ ਦੇ ਚੇਅਰਮੈਨ ਅਤੇ ਲੋਕ ਰਾਜ ਪਾਰਟੀ, ਪੰਜਾਬ ( ਇੰਡੀਆ ) ਦੇ ਕਨਵੀਨਰ ਡਾ ਅਮਰਜੀਤ ਟਾਂਡਾ ਨੇ ਖੁਲਾਸਾ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਭਰੋਸਾ ਦਿੱਤਾ ਹੈ ਹੁਣ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀਡੀਉ ਬਣਾਉਣ ਦੀ ਇਜਾਜ਼ਤ ਹੋਵੇਗੀ।
ਇਹ ਭਰੋਸਾ ਉਨ੍ਹਾਂ ਅੱਜ ਸਵੇਰੇ ਫੋਨ ਤੇ ਹੋਈ ਗੱਲਬਾਤ ਦੌਰਾਨ ਦਿੱਤਾ. ਡਾ ਅਮਰਜੀਤ ਟਾਂਡਾ ਨੇ ਭੇਜੇ ਇਕ ਲਿਖਤੀ ਬਿਆਨ ਵਿੱਚ ਕਿਹਾ ਹੈ ਕਿ “ਮੇਰੇ ਵੱਲੋਂ ਅੱਜ ਹੀ ਐਡਵੋਕੇਟ ਸ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼ਰਧਾਲੂਆਂ ਵੱਲੋਂ ਵੀਡੀਓ ਨਾ ਬਣਾਉਣ ਤੇ ਲਾਈ ਪਬੰਦੀ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ।”
ਡਾ. ਅਮਰਜੀਤ ਟਾਂਡਾ ਨੇ ਪੁੱਛਿਆ ਕਿ ਵਿਸ਼ਵ ਭਰ ਤੋਂ ਆਏ ਸ਼ਰਧਾਲੂਆਂ ਦੀ ਸ਼ਰਧਾ,ਚਾਅ ਖੁਸ਼ੀ ਤੇ ਮਨ ਵਿਚ ਯਾਦਗਾਰ ਸਾਂਭਣ ਨੂੰ ਕੋਈ ਕਿਵੇਂ ਰੋਕ ਸਕਦਾ ਹੈ ਤੇ ਫਿਰ ਆਪਣੇ ਘਰ ਵਿਚ! ਧਾਮੀ ਸਾਹਿਬ ਪਾਸ ਕੋਈ ਜੁਆਬ ਨਹੀਂ ਸੀ। ਡਾ. ਟਾਂਡਾ ਨੇ ਕਿਹਾ ਕਿ ਉਹ ਛੇਤੀ ਹੀ ਮੰਨ ਗਏ ਕਿ ਜੇ ਤੁਸੀਂ ਇੰਝ ਕਹਿੰਦੇ ਹੋ ਜਾਂ ਸਮੂਹ ਸੰਗਤ ਦੀ ਇਹ ਖਾਹਿਸ਼ ਹੈ ਤਾਂ ਅਸੀਂ ਆਗਿਆ ਦੇ ਦਿੰਦੇ ਹਾਂ। ਡਾ. ਟਾਂਡਾ ਨੇ ਬਰਛਿਆਂ ਵਾਲੇ ਸੇਵਾਦਾਰਾਂ ਦੇ ਦੁਰ ਵਿਵਹਾਰ ‘ਤੇ ਲਾਹਨਤ ਪਾਈ। ਡਾ ਟਾਂਡਾ ਨੇ ਕਿਹਾ ਕਿ ਇਹ ਗੱਲ ਤਾਂ ਧਾਮੀ ਸਾਹਿਬ ਪਹਿਲਾਂ ਆਪ ਹੀ ਮੰਨ ਗਏ ਸਨ ਕਿ ਇਹ ਤੁਹਾਡੀ ਗੱਲ ਠੀਕ ਹੈ ਡਾ. ਟਾਂਡਾ ਸਾਹਿਬ।
ਧਾਮੀ ਸਾਹਿਬ ਨੇ ਕਿਹਾ ਅੱਗੇ ਤੋਂ ਬਰਛਿਆਂ ਵਾਲੇ ਸੇਵਾਦਾਰਾਂ ਵੱਲੋਂ ਅਜਿਹਾ ਦੁਰ ਵਿਵਹਾਰ ਵੀ ਨਹੀਂ ਹੋਵੇਗਾ। ਡਾ. ਟਾਂਡਾ ਨੇ ਕਿਹਾ ਕਿ ਵਧੀਆ ਗੱਲਬਾਤ ਕਰਦਿਆਂ ਮੈਂ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਅਸੀਂ ਇਕ ਦੂਸਰੇ ਨੂੰ ਫਤਹਿ ਬੁਲਾਈ। ਡਾ ਟਾਂਡਾ ਨੇ ਕਿਹਾ ਕਿ ਇਹ ਤੁਹਾਡੇ ਦੁਨੀਆਂ ਭਰ ਦੀਆਂ ਸੰਗਤਾਂ ਦੇ ਸਹਿਯੋਗ ਦੀ ਜਿੱਤ ਹੈ। ਮੈਂ ਤਾਂ ਇਕ ਜ਼ਰੀਆ ਬਣਿਆ ਹਾਂ। ਡਾ ਟਾਂਡਾ ਨੇ ਕਿਹਾ ਕਿ ਭਵਿੱਖ ਵਿਚ ਵੀ ਉਹ ਸੰਗਤਾਂ ਦੀ ਸੇਵਾ ਹਰ ਵੇਲੇ ਕਰਦੇ ਰਹਿਣਗੇ।