Breaking- ਗ਼ੈਰ ਮਿਆਰੀ ਖਾਧ ਪਦਾਰਥ ਬਣਾਉਣ ਤੇ ਵੇਚਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ- ਬਰਾੜ
ਜ਼ਿਲ੍ਹਾ ਪੱਧਰੀ ਫੂਡ ਸੇਫਟੀ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ
ਫਰੀਦਕੋਟ, 26 ਜੁਲਾਈ – (ਪੰਜਾਬ ਡਾਇਰੀ) ਜ਼ਿਲ੍ਹਾ ਪੱਧਰੀ ਫੂਡ ਸੇਫਟੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਿਵਲ ਸਰਜਨ ਡਾ. ਸੰਜੇ ਕਪੂਰ ਤੋਂ ਇਲਾਵਾ ਸਿਹਤ, ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਦੁਕਾਨਦਾਰਾਂ, ਮਠਿਆਈ ਵਿਕਰੇਤਾਵਾਂ ਤੇ ਖਾਧ ਪਦਾਰਥ ਉਦਯੋਗਾਂ ਨਾਲ ਸਬੰਧਤ ਵਿਅਕਤੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਰਾਜਦੀਪ ਸਿੰਘ ਬਰਾੜ ਨੇ ਕਿਹਾ ਕਿ ਫਸਾਈ ਦੁਆਰਾ ਨਵਾਂ ਪ੍ਰੋਗਰਾਮ ਸਹੀ ਖਾਧ ਪਦਾਰਥ ਅਤੇ ਭਾਰਤ ਲਈ ਚੁਣੌਤੀਆਂ ਸ਼ੁਰੂ ਕੀਤਾ ਗਿਆ ਹੈ ਜੋ ਕਿ ਜਨਹਿੱਤ ਵਿਚ ਹੈ । ਇਸ ਤਹਿਤ ਸੁਰੱਖਿਅਤ ਭੋਜਨ ਦਾ ਨਾਅਰਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫਸਾਈ ਵੱਲੋਂ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਦੁਕਾਨਦਾਰਾਂ ਕੋਲ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ ਅਤੇ ਇਸ ਤਹਿਤ ਕਲੀਨ ਫੂਡ ਸਟਰੀਟ, ਦੁਕਾਨਾਂ ਦੇ ਬਾਹਰ ਖਾਦ ਪਦਾਰਥਾਂ ਸਬੰਧੀ ਸੇਫਟੀ ਬੋਰਡ ਲਗਾਉਣੇ ਯਕੀਨੀ ਬਣਾਏ ਜਾਣ। ਮਠਿਆਈ ਵਿਕਰੇਤਾਵਾਂ, ਕਰਿਆਨਾ ਵਿਕਰੇਤਾਵਾਂ, ਰੈਸਟੋਰੈਂਟ, ਢਾਬਿਆਂ ਨੂੰ ਹਾਈਜੀਨ ਖਾਣਾ ਬਣਾਉਣ ਅਤੇ ਵੇਚਣ ਦੇ ਆਦੇਸ਼ ਦਿੱਤੇ ਗਏ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਖਾਧ ਪਦਾਰਥ ਪਦਾਰਥ ਦਾ ਕਾਰੋਬਾਰ ਕਰਨ ਵਾਲੇ ਲੋਕਾਂ, ਕੇਟਰਿੰਗ ਕੰਪਨੀਆਂ, ਮੈਰਿਜ ਪੈਲੇਸਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪ ਨੂੰ ਫੂਡ ਸੇਫਟੀ ਵਿਭਾਗ ਕੋਲ ਰਜਿਸਟਰਡ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਖਾਧ ਪਦਾਰਥ ਬਣਾਉਣ ਅਤੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਡਾ.ਅਮਿਤ ਜੋਸ਼ੀ ਸਹਾਇਕ ਕਮਿਸ਼ਨਰ ਫੂਡ, ਸ੍ਰੀਮਤੀ ਗਗਨਦੀਪ ਕੌਰ ਫੂਡ ਸੇਫਟੀ ਆਫੀਸਰ, ਸ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।