Breaking- 2004 ਬੈਚ ਦੇ ਆਈਏਐਸ ਅਧਿਕਾਰੀ ਚੰਦਰ ਗੈਂਦ ਫਰੀਦਕੋਟ ਡਵੀਜਨ ਦੇ ਨਵੇਂ ਕਮਿਸਨਰ ਬਣੇ
ਪੁਲਿਸ ਦੀ ਟੁੱਕੜੀ ਵੱਲੋਂ ਦਿੱਤੇ ਗਾਰਡ ਆਫ ਆਨਰ ਤੋਂ ਬਾਅਦ ਅਹੁਦਾ ਸੰਭਾਲਿਆ
ਕਿਹਾ, ਭਿ੍ਰਸਟਾਚਾਰ ਵਿਰੁੱਧ ਜੀਰੋ-ਸਹਿਣਸੀਲਤਾ ਨੀਤੀ ਨੂੰ ਸਖਤੀ ਨਾਲ ਅਪਣਾਇਆ ਜਾਵੇਗਾ
ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਜਿਲਿਆਂ ਦਰਮਿਆਨ ਸੁਚਾਰੂ ਤਾਲਮੇਲ ਦਾ ਵੀ ਭਰੋਸਾ ਦਿਵਾਇਆ
ਫਰੀਦਕੋਟ, 12 ਸਤੰਬਰ – (ਪੰਜਾਬ ਡਾਇਰੀ) 2004 ਬੈਚ ਦੇ ਆਈ.ਏ.ਐਸ ਅਧਿਕਾਰੀ ਚੰਦਰ ਗੈਂਦ ਨੇ ਅੱਜ ਡਿਪਟੀ ਕਮਿਸਨਰ ਅਤੇ ਐਸ.ਐਸ.ਪੀ ਫਰੀਦਕੋਟ ਦੀ ਮੌਜੂਦਗੀ ਵਿੱਚ ਪੁਲਿਸ ਦੀ ਟੁੱਕੜੀ ਵੱਲੋਂ ਪ੍ਰਭਾਵਸਾਲੀ ਗਾਰਡ ਆਫ ਆਨਰ ਤੋਂ ਬਾਅਦ ਡਵੀਜਨਲ ਕਮਿਸਨਰ ਫਰੀਦਕੋਟ ਦਾ ਅਹੁਦਾ ਸੰਭਾਲ ਲਿਆ ਹੈ।
ਚਾਰਜ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਡਵੀਜਨਲ ਕਮਿਸਨਰ ਸ੍ਰੀ ਚੰਦਰ ਗੈਂਦ ਨੇ ਆਪਣੇ ਦਫਤਰ ਵਿਖੇ ਜਿਲਾ ਫਰੀਦਕੋਟ ਦੇ ਸਿਵਲ ਅਤੇ ਪੁਲਿਸ ਪ੍ਰਸਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਜਾਣ-ਪਛਾਣ ਮੀਟਿੰਗ ਕੀਤੀ। ਇਸ ਦੌਰਾਨ ਸ੍ਰੀ ਗੈਂਦ ਨੇ ਜੋਰ ਦੇ ਕੇ ਕਿਹਾ ਕਿ ਭਿ੍ਰਸਟਾਚਾਰ ਵਿਰੁੱਧ ਜੀਰੋ ਟੋਲਰੈਂਸ ਦੀ ਨੀਤੀ ਨੂੰ ਸਖਤੀ ਨਾਲ ਅਪਣਾਇਆ ਜਾਵੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪਹਿਲਾਂ ਹੀ ਭਿ੍ਰਸਟਾਚਾਰ ਵਿਰੁੱਧ ਜੰਗ ਛੇੜੀ ਹੋਈ ਹੈ। ਉਨਾਂ ਫਰੀਦਕੋਟ ਡਵੀਜਨ ਅਧੀਨ ਆਉਂਦੇ ਜਿਲਿਆਂ ਜਿਵੇਂ ਕਿ ਬਠਿੰਡਾ, ਫਰੀਦਕੋਟ ਅਤੇ ਮਾਨਸਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਬੰਧਤ ਅਧਿਕਾਰੀਆਂ ਵੱਲੋਂ ਉਨਾਂ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਆਪਣੀਆਂ ਅਜਿਹੀਆਂ ਸਿਕਾਇਤਾਂ ਸਿੱਧੇ ਉਨਾਂ ਕੋਲ ਦਰਜ ਕਰਵਾਉਣ। ਉਨਾਂ ਅੱਗੇ ਦੱਸਿਆ ਕਿ ਅਜਿਹੇ ਮਾਮਲਿਆਂ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜਿਹੀਆਂ ਸਿਕਾਇਤਾਂ ਦਾ ਜਲਦੀ ਨਿਪਟਾਰਾ ਕਰਕੇ ਲੋਕਾਂ ਦੀਆਂ ਸਿਕਾਇਤਾਂ ਦੇ ਸਮਾਧਾਣ ਨੂੰ ਤਰਜੀਹ ਦਿੱਤੀ ਜਾਵੇ। ਡਵੀਜਨਲ ਕਮਿਸਨਰ ਨੇ ਫਰੀਦਕੋਟ ਡਵੀਜਨ ਵਿੱਚ ਪੈਂਦੇ ਤਿੰਨੋ ਜਿਲਿਆਂ ਦੇ ਪ੍ਰਸਾਸਨ ਦਰਮਿਆਨ ਸੁਚਾਰੂ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਇਸ ਨਾਲ ਪੰਜਾਬ ਸਰਕਾਰ ਦੇ ਲੋਕ ਪੱਖੀ ਉਪਰਾਲਿਆਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਵਿੱਚ ਮਦਦ ਮਿਲੇ ਸਕੇ। ਇਸੇ ਤਰਾਂ ਰਾਜ ਸਰਕਾਰ ਦੀ ਨਸਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਜਿਲੇ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਦੇ ਉਪਰਾਲੇ ਕੀਤੇ ਜਾਣਗੇ। ਉਨਾਂ ਇਹ ਵੀ ਕਿਹਾ ਕਿ ਜਮੀਨੀ ਪੱਧਰ ‘ਤੇ ਸਰਕਾਰ ਦੀਆਂ ਸਕੀਮਾਂ ਅਤੇ ਨੀਤੀਆਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਸੁਚਾਰੂ ਢੰਗ ਨਾਲ ਪਹੁੰਚਾਉਣ ‘ਤੇ ਵੀ ਧਿਆਨ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਸ੍ਰੀ ਗੈਂਦ ਨੂੰ ਆਪਣੀਆਂ ਲੋਕ-ਪੱਖੀ ਪਹਿਲਕਦਮੀਆਂ ਅਤੇ ਲੋਕਾਂ ਤੱਕ ਆਸਾਨੀ ਨਾਲ ਪਹੁੰਚ ਕਰਨ ਲਈ ‘ਪਬਲਿਕ ਡੀਸੀ’ ਵਜੋਂ ਵੀ ਜਾਣਿਆ ਜਾਂਦਾ ਹੈ, ਉਨਾਂ ਨੇ ਡਿਪਟੀ ਕਮਿਸਨਰ ਫਿਰੋਜਪੁਰ ਵਜੋਂ ਆਪਣੇ ਛੋਟੇ ਪਰ ਪ੍ਰਭਾਵਸਾਲੀ ਕਾਰਜਕਾਲ ਦੌਰਾਨ ਇਹ ਨਾਮ ਲੋਕਾਂ ਵਲੋਂ ਹਾਸਲ ਕੀਤਾ। ਜਿਕਰਯੋਗ ਹੈ ਕਿ ਚੰਦਰ ਗੈਂਦ ਇਸ ਤੋਂ ਪਹਿਲਾਂ ਫਿਰੋਜਪੁਰ ਦੇ ਡਿਪਟੀ ਕਮਿਸਨਰ, ਪਟਿਆਲਾ ਦੇ ਡਵੀਜਨ ਕਮਿਸਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਸਰਕਾਰ ਵਿੱਚ ਹੋਰ ਅਹਿਮ ਵਿਭਾਗ ਦੀ ਜਿਮੇਵਾਰੀਆਂ ਨੀ ਨਿਭਾ ਚੁੱਕੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ, ਐਸ.ਐਸ.ਪੀ. ਸ. ਰਾਜਪਾਲ ਸਿੰਘ, ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ. ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ. ਜੈਤੋ ਡਾ. ਓਸੇਪਚਨ, ਡੀ.ਆਰ.ਓ. ਡਾ. ਅਜੀਤ ਪਾਲ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
—————-
ਵਿਲੱਖਣ ਪਹਿਲਕਦਮੀਆਂ ਕਰਨ ਲਈ ਪ੍ਰਸਿੱਧ, ਸ੍ਰੀ ਗੈਂਦ ਡਵੀਜਨ ਵਿੱਚ ਕੁਝ ਨਵੇਂ ਪ੍ਰੋਜੈਕਟ ਕਰਨਗੇ ਲਾਗੂ
ਚੰਦਰ ਗੈਂਦ ਨੂੰ ਆਪਣੀ ਤੈਨਾਤੀ ਵਾਲੇ ਜਿਲਿਆਂ ਵਿੱਚ ਵਿਲੱਖਣ ਪਹਿਲਕਦਮੀਆਂ ਕਰਨ ਲਈ ਜਾਣਿਆ ਜਾਂਦਾ ਹੈ । ਬਤੌਰ ਡਿਪਟੀ ਕਮਿਸਨਰ ਫਿਰੋਜਪੁਰ ਉਨਾਂ ਨੇ ‘ਟ੍ਰੀ ਫਾਰ ਗਨ‘ ਪ੍ਰੋਜੈਕਟ ਲਾਗੂ ਕੀਤਾ ਸੀ ਜਿਸ ਤਹਿਤ ਅਸਲਾ ਲਾਇਸੈਂਸ ਲੈਣ ਵਾਲੇ ਬਿਨੈਕਾਰਾਂ ਲਈ ਦਸ ਬੂਟੇ ਲਗਾਉਣੇ ਲਾਜਮੀ ਕੀਤੇ ਗਏ ਸਨ। ਇੰਨਾ ਹੀ ਨਹੀਂ, ਬਿਨੈਕਾਰਾਂ ਨੂੰ ਆਪਣੀ ਅਰਜੀ ਫਾਈਲ ਦੇ ਨਾਲ ਉਨਾਂ ਦੁਆਰਾ ਲਗਾਏ ਗਏ ਬੂਟੇ ਦੀਆਂ ਤਸਵੀਰਾਂ ਵੀ ਜਮਾਂ ਕਰਾਉਣੀਆਂ ਪੈਂਦੀਆਂ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨਾਂ ਨੇ ਅਸਲ ਵਿੱਚ ਬੂਟੇ ਲਗਾਏ ਹਨ ਅਤੇ ਉਨਾਂ ਦੀ ਦੇਖਭਾਲ ਵੀ ਕੀਤੀ ਹੈ। ਇਸੇ ਤਰਾਂ ਉਨਾਂ ਨੇ ਇਕ ਦੁਰਲਭ ਬਿਮਾਰੀ ਤੋਂ ਪੀੜਤ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਵੀ ਡਿਪਟੀ ਕਮਿਸਨਰ ਦੀ ਡਿਊਟੀ ਇਕ ਦਿਨ ਲਈ ਨਿਭਾਉਂਣ ਦਾ ਕੰਮ ਸੌਂਪ ਕੇ ਇਕ ਦਿਨ ਲਈ ਡੀਸੀ ਬਣਨ ਦਾ ਮੌਕਾ ਦਿੱਤਾ ਸੀ ਤਾਂ ਜੋ ਉਹ ਮੁਸਕਲਾਂ ਦੇ ਬਾਵਜੂਦ ਆਪਣੀ ਜਿਦਗੀ ਵਿਚ ਅਧਿਕਾਰੀ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਪ੍ਰੇਰਿਤ ਹੋ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਵੀਜਨ ਕਮਿਸਨਰ ਨੇ ਕਿਹਾ ਕਿ ਉਹ ਫਰੀਦਕੋਟ ਡਵੀਜਨ ਵਿੱਚ ਅਜਿਹੇ ਕੁਝ ਪ੍ਰੋਜੈਕਟ ਅਤੇ ਨਵੀਆਂ ਪਹਿਲਕਦਮੀਆਂ ਵੀ ਸੁਰੂ ਕਰਨਗੇ।