Breaking- 26 ਦਸੰਬਰ ਨੂੰ ’ਵੀਰ ਬਾਲ ਦਿਵਸ’ ਵਜੋਂ ਮਨਾਉਣ ਲਈ ਕੇਂਦਰ ਸਰਕਾਰ ਨੇ ਤਿਆਰੀ ਕੀਤੀ
ਨਵੀਂ ਦਿੱਲੀ, 23 ਦਸੰਬਰ – (ਬਾਬੂਸ਼ਾਹੀ ਨੈਟਵਰਕ) ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਸਾਲ ਕੀਤੇ ਐਲਾਨ ਅਨੁਸਾਰ 26 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਸ਼ਹੀਦੀ ਦਿਹਾੜਾ ’ਵੀਰ ਬਾਲ ਦਿਵਸ’ ਵਜੋਂ ਮਨਾਉਣ ਦੀ ਵੱਡੀ ਪੱਧਰ ’ਤੇ ਤਿਆਰੀ ਖਿੱਚ ਲਈ ਹੈ।
ਇਸ ਦਿਨ ਕੇਂਦਰ ਸਰਕਾਰ ਦੇ ਸਭਿਆਚਾਰ ਮੰਤਰਾਲੇ ਵੱਲੋਂ ਮੇਜਰ ਧਿਆਨ ਚੰਦ ਕੌਮੀ ਸਟੇਡੀਅਮ ਦਿੱਲੀ ਵਿਚ 26 ਦਸੰਬਰ ਸਵੇਰੇ 11.00 ਵਜੇ ਤੋਂ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਮੂਲੀਅਤ ਕਰਨਗੇ।
ਇਸ ਸਮਾਗਮ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ, ਅਰਜੁਨ ਰਾਮ ਮੇਘਵਾਲ ਅਤੇ ਮੀਨਾਕਸ਼ੀ ਲੇਖੀ ਸਮੇਤ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਰਹਿਣਗੀਆਂ। ਸਮਾਗਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਬੱਚੇ ਗੁਰੂ ਕੀ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਵੀ ਕਰਨਗੇ।
ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਦਿਹਾੜੇ ਦਾ ਨਾਂ ਬਦਲ ਕੇ ਸਾਹਿਬਜ਼ਾਦੇ ਸ਼ਹੀਦੀ ਦਿਹਾੜਾ ਰੱਖਣ ਦੀ ਮੰਗ ਕਰ ਰਹੇ ਹਨ।