Breaking- 83 ਲੱਖ ਰੁਪਏ ਨਾਲ ਫਰੀਦਕੋਟ ਵਿਖੇ ਬਣੇਗਾ ਬਾਲ ਗਵਾਹ ਕੇਂਦਰ-ਗੁਰਦਿੱਤ ਸਿੰਘ ਸੇਖੋਂ
ਵੱਖ ਵੱਖ ਕੇਸਾਂ ਵਿੱਚ ਅਦਾਲਤ ਵਿੱਚ ਆਉਣ ਵਾਲੇ ਬੱਚਿਆਂ ਨੂੰ ਮਿਲੇਗੀ ਵੱਡੀ ਸਹੂਲਤ
ਫਰੀਦਕੋਟ, 9 ਸਤੰਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਵੱਲੋਂ ਫਰੀਦਕੋਟ ਦੀਆਂ ਜਿਲਾ ਕਚਹਿਰੀਆਂ ਵਿੱਚ ਬਾਲ ਗਵਾਹ ਕੇਂਦਰ (ਚਾਈਲਡ ਵਿਟਨਸ ਸੈਂਟਰ) ਦੀ ਇਮਾਰਤ ਲਈ ਪ੍ਰਸ਼ਾਸ਼ਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਪ੍ਰਾਜੈਕਟ ਦੇ ਟੈਂਡਰ ਜਾਰੀ ਕਰਕੇ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।
ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੀ ਤਰੱਕੀ ਤੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਫਰੀਦਕੋਟ ਵਿਕਾਸ ਪੱਖੋਂ ਰਾਜ ਦਾ ਮੋਹਰੀ ਜਿਲਾ ਬਣੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ ਫਰੀਦਕੋਟ ਦੀਆਂ ਜਿਲਾ ਕਚਹਿਰੀਆਂ ਵਿੱਚ ਬਾਲ ਗਵਾਹ ਕੇਂਦਰ (ਚਾਈਲਡ ਵਿਟਨੈਸ ਸੈਂਟਰ) ਬਣਾਉਣ ਲਈ ਪ੍ਰਸ਼ਾਸ਼ਕੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤੇ 83 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਹੋਵੇਗੀ ਅਤੇ ਇਹ ਇਮਾਰਤ 3 ਹਜ਼ਾਰ ਸੁਕੇਅਰ ਫੁੱਟ ਏਰੀਏ ਵਿੱਚ ਜਿਲਾ ਕਚਹਿਰੀਆਂ ਕੰਪਲੈਕਸ ਅੰਦਰ ਹੀ ਬਣੇਗੀ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦੇ ਬਣਨ ਨਾਲ ਵੱਖ ਵੱਖ ਕੇਸਾਂ ਵਿੱਚ ਗਵਾਹ ਵਜੋਂ ਸ਼ਾਮਲ ਹੋਣ ਵਾਲੇ ਬੱਚਿਆਂ ਜਾਂ ਕਈ ਕੇਸਾਂ ਵਿੱਚ ਸ਼ਾਮਲ ਇਸਤਰੀਆਂ ਨਾਲ ਆਉਣ ਵਾਲੇ ਬੱਚਿਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਲਈ ਇਸ ਇਮਾਰਤ ਵਿੱਚ ਪਲੇਅ ਵਿੰਗ ਸਮੇਤ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆ।