ਫਰੀਦਕੋਟ, 18 ਜੂਨ – (ਪੰਜਾਬ ਡਾਇਰੀ)
“ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੀ ਚਾਰ ਸਾਲ ਦੇ ਠੇਕੇ ਤੇ ਫੌਜੀ ਭਰਤੀ ਸਕੀਮ ਖਿਲਾਫ ਚਲ ਰਹੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ ਦੇ ਸਮਰਥਨ ਵਿੱਚ ਸੋਮਵਾਰ 20 ਜੂਨ ਦਿਨ ਸੋਮਵਾਰ ਨੂੰ 10 ਵਜੇ ਮਿੰਨੀ ਸਕੱਤਰੇਤ ਫਰੀਦਕੋਟ ਵਿਖੇ ਰੋਸ ਰੈਲੀ ਕਰਨ ਤੋਂ ਬਾਅਦ ਭਾਈ ਘਨ੍ਹੱਈਆ ਚੌਕ ਵੱਲ ਰੋਸ ਮਾਰਚ ਕੀਤਾ ਜਾਵੇਗਾ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਇਹ ਐਲਾਨ ਅੱਜ ਸਥਾਨਕ ਪੈਨਸ਼ਨਰ ਭਵਨ ਵਿਖੇ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਦੀ ਸਾਂਝੀ ਮੀਟਿੰਗ ਬਾਅਦ ਆਗੂਆਂ ਵੱਲੋਂ ਕੀਤਾ ਗਿਆ । ਇਸ ਮੀਟਿੰਗ ਨੂੰ ਇੰਦਰਜੀਤ ਸਿੰਘ ਖੀਵਾ, ਅਸ਼ੋਕ ਕੌਸ਼ਲ, ਜਤਿੰਦਰ ਕੁਮਾਰ, ਵੀਰ ਇੰਦਰਜੀਤ ਸਿੰਘ ਪੁਰੀ, ਪ੍ਰਿੰਸੀਪਲ ਕ੍ਰਿਸ਼ਨ ਲਾਲ , ਸੁਖਜਿੰਦਰ ਸਿੰਘ ਤੂੰਬੜਭੰਨ, ਵੀਰ ਸਿੰਘ ਕੰਮੇਆਣਾ , ਜੀਤ ਸਿੰਘ, ਹਰਜਿੰਦਰ ਸਿੰਘ’, ਸੁਖਚੈਨ ਸਿੰਘ ਥਾਂਦੇਵਾਲਾ ਤੇ ਗੁਰਚਰਨ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਤਾਂ ਠੇਕੇ ਤੇ ਆਰਜੀ ਤੌਰ ਤੇ ਭਰਤੀ ਅਧਿਆਪਕਾਂ, ਦਫ਼ਤਰੀ ਕਰਮਚਾਰੀਆਂ ਜਾਂ ਬਿਜਲੀ ਅਤੇ ਰੋਡਵੇਜ ਮੁਲਾਜ਼ਮਾਂ ਵੱਲੋਂ ਪੱਕੇ ਹੋਣ ਲਈ ਕੀਤੇ ਜਾਣ ਵਾਲੇ ਸੰਘਰਸ਼ਾਂ ਬਾਰੇ ਸੁਣਦੇ ਆਏ ਹਾਂ, ਪਰ ਹੁਣ ਮੋਦੀ ਸਰਕਾਰ ਦੀ ‘ਕਿਰਪਾ’ ਸਦਕਾ ਦੇਸ਼ ਦੀ ਰਖਵਾਲੀ ਕਰਨ ਲਈ ਹਰ ਸਮੇਂ ਦੁਸ਼ਮਣ ਦੀ ਗੋਲੀ ਦੀ ਮਾਰ ਹੇਠ ਖੜਾ ਫੌਜੀ ਜਵਾਨ ਵੀ ਠੇਕੇ ਤੇ ਭਰਤੀ ਕਰਨ ਦੀ ਸਕੀਮ ਲਾਗੂ ਕਰਨ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਚਾਰ ਸਾਲ ਦੀ ਨੌਕਰੀ ਬਾਅਦ 21 ਸਾਲ ਦੀ ਜਵਾਨ ਉਮਰ ਵਿੱਚ ਜਬਰੀ ਸੇਵਾ ਮੁਕਤ ਕੀਤੇ ਇਹ ਫੌਜੀ ਕੀ ਕਰਨਗੇ ਅਤੇ ਕਿਥੇ ਜਾਣਗੇ? ਸਰਕਾਰ ਨੇ ਇਸ ਸਕੀਮ ਨਾਲ ਸਾਬਕਾ ਫੌਜੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਤਾਂ ਬਚਾਅ ਲਈ ਹੈ ਪਰ ਦੇਸ਼ ਦੀ ਸੁਰੱਖਿਆ ਨੂੰ ਦਾਅ ਤੇ ਲਗਾ ਕੇ ਅਰਾਜਕਤਾ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਦੇਸ਼ ਦੇ ਅਨੇਕ ਸੂਬਿਆਂ ਵਿੱਚੋਂ ਨੌਜਵਾਨਾਂ ਵੱਲੋਂ ਹਿੰਸਕ ਵਿਰੋਧ ਦੀਆਂ ਖਬਰਾਂ ਆ ਰਹੀਆਂ ਹਨ ਜੋ ਸਾਡੇ ਸਾਰਿਆਂ ਲਈ ਚਿੰਤਾਜਨਕ ਹਨ । ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇਹ ਲੋਕ ਵਿਰੋਧੀ ਅਗਨੀਪੱਥ ਸਕੀਮ ਵਾਪਸ ਲਈ ਜਾਵੇ ਤੇ ਪਹਿਲਾਂ ਵਾਂਗ ਸਾਰੀਆਂ ਸੈਨਾਵਾਂ ਵਿੱਚ ਰੈਗੂਲਰ ਭਰਤੀ ਕੀਤੀ ਜਾਵੇ । ਆਗੂਆਂ ਨੇ ਸਮੂਹ ਇਨਸਾਫ ਪਸੰਦ ਜੱਥੇਬੰਦੀਆਂ ਨੂੰ ਇਸ ਐਕਸ਼ਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ।