ਅੰਮ੍ਰਿਤਸਰ, 15 ਜੂਨ – (ਪੰਜਾਬ ਡਾਇਰੀ) ਅੰਮ੍ਰਿਤਸਰ ਦੇ ਵੱਲਾ ਰੋਡ ‘ਤੇ ਗੁਮਟਾਲਾ ਤੋਂ ਹੁਸ਼ਿਆਰਪੁਰ ਜਾ ਰਹੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ, ਅੱਗ ਲੱਗਦੇ ਹੀ ਟਰੱਕ ਡਰਾਈਵਰ ਨੇ ਟਰੱਕ ਨੂੰ ਸਾਈਡ ‘ਤੇ ਰੱਖ ਦਿੱਤਾ ਅਤੇ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ‘ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ ਦੇ ਵੱਲਾ ਰੋਡ ‘ਤੇ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਡਰਾਈਵਰ ਨੇ ਤੁਰੰਤ ਟਰੱਕ ਨੂੰ ਸਾਈਡ ‘ਤੇ ਖੜ੍ਹਾ ਕਰ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਟਰੱਕ ਦੇ ਇੰਜਣ ਨੂੰ ਅੱਗ ਲੱਗਦੀ ਦੇਖ ਕੇ ਡਰਾਈਵਰ ਨੇ ਟਰੱਕ ਵਿਚੋਂ ਛਾਲ ਮਾਰ ਦਿੱਤੀ ਪਰ ਖੁਸ਼ਕਿਸਮਤੀ ਨਾਲ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਦੇ ਹੀ ਡਰਾਈਵਰ ਟਰੱਕ ਵਿੱਚੋਂ ਬਾਹਰ ਆ ਗਏ। ਦੂਜੇ ਪਾਸੇ ਪੁਲਿਸ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਟਰੱਕ ਨੂੰ ਤਕਨੀਕੀ ਖ਼ਰਾਬੀ ਕਾਰਨ ਅੱਗ ਲੱਗ ਗਈ ਪਰ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਜਲੰਧਰ ਵਿਖੇ ਥਾਣਾ-3 ਦੇ ਨਾਲ ਲੱਗਦੀ ਕਾਰ ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਮੌਕੇ ਉਤੇ ਪੁੱਜ ਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਨਾਲ ਅੱਗ ਉਤੇ ਕਾਬੂ ਪਾਇਆ। ਹਾਲਾਂਕਿ ਇਸ ਅੱਗ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਅੱਗ ਇਨ੍ਹੀਂ ਜ਼ਿਆਦਾ ਭਿਆਨਕ ਸੀ ਕਿ ਕਾਰ ਦੇ ਨੇੜੇ ਲੱਗੇ ਟਰਾਂਸਫਾਰਮਰ ਵੀ ਅੱਗ ਦੀ ਲਪੇਟ ’ਚ ਆ ਗਿਆ।