ਚੰਡੀਗੜ੍ਹ, 20 ਜੂਨ – (ਪੰਜਾਬ ਡਾਇਰੀ) ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਸੀ ਜਦੋਂ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਮੂਸੇਵਾਲਾ ਕਤਲਕਾਂਡ ਵਿੱਚ ਇੱਕ ਹੋਰ ਨਵੇਂ ਮੁਲਜ਼ਮ ਦਾ ਨਾਂ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਮਨਮੋਹਨ ਸਿੰਘ ਮੋਹਣਾ ਨਾਮਕ ਨੌਜਵਾਨ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਮੋਹਣਾ ‘ਤੇ ਸਿੱਧੂ ਮੂਸੇਵਾਲਾ ਦੀ ਰੇਕੀ ਦੇ ਇਲਜ਼ਾਮ ਲੱਗੇ ਸਨ।
ਹੁਣ ਇਸ ਮਾਮਲੇ ਵਿਚ ਇੱਕ ਸਨਸਨੀ ਖੇਜ਼ ਖੁਲਾਸਾ ਹੋਇਆ ਜਦੋਂ ਮਨਮੋਹਨ ਮੋਹਣਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਇਸ ਤਸਵੀਰ ਵਿਚ ਵੇਖਣ ਨੂੰ ਮਿਲਿਆ ਕਿ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਹੀ ਮਨਮੋਹਨ ਮੋਹਣਾ ਨੂੰ ਚੋਣਾਂ ਦੌਰਾਨ ਕਾਂਗਰਸ ਪਾਰਟੀ ‘ਚ ਸ਼ਾਮਿਲ ਕੀਤਾ ਸੀ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦਾ ਗੁੱਸਾ ਰਾਜਾ ਵੜਿੰਗ ‘ਤੇ ਟੁੱਟ ਪਿਆ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਜਿਸ ਉੱਤੇ ਹੁਣ ਪੰਜਾਬ ਪੁਲਿਸ ਦੀ ਸੁਰੱਖਿਆ ਏਜੰਸੀਆਂ ਤੋਂ ਇਲਾਵਾ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਵੀ ਆਪਣੇ ਪੱਧਰ’ ਤੇ ਇਸ ਮੁੱਦੇ ਦੀ ਜਾਂਚ ਕਰਵਾਏਗੀ।
ਮਨਮੋਹਨ ਸਿੰਘ ਮੋਹਣਾ ‘ਤੇ ਦੋਸ਼ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਸ ਵਿਅਕਤੀ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਮਨਮੋਹਨ ਸਿੰਘ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਮਨਮੋਹਨ ਇਸ ਵੇਲੇ ਪੰਜਾਬ ਪੁਲਿਸ ਦੀ ਗ੍ਰਿਫ਼ਤ ਵਿਚ ਹੈ ਜਿਸ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੇ ਹੈ। ਮੋਹਣਾ ‘ਤੇ ਇੱਕ ਦਰਜਨ ਦੇ ਕਰੀਬ ਕੇਸ ਦਰਜ ਹਨ, ਉਸਦਾ ਨਾਂ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਦਰਸ਼ਨ ਸਿੰਘ ਇਰਾਦਾ ਦੇ ਕਤਲ ਕੇਸ ‘ਚ ਵੀ ਸ਼ਾਮਿਲ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਰਾਜਾ ਵੜਿੰਗ ਦੀ ਇਸ ਤੇ ਕੀ ਪ੍ਰਤੀਕ੍ਰਿਆ ਰਹੇਗੀ ਇਸਦੀ ਉਡੀਕ ਕੀਤੀ ਜਾ ਰਹੀ ਹੈ। ਫ਼ਿਲਹਾਲ ਰਾਜਾ ਵੜਿੰਗ ਵੱਲੋਂ ਇਸ ਮੁੱਦੇ ‘ਤੇ ਕੋਈ ਪ੍ਰਤੀਕ੍ਰਿਆ ਸਾਹਮਣੇ ਨਹੀਂ ਆਈ ਹੈ।