Breaking News- ਗਰਮੀ ਵੱਧਣ ਕਾਰਨ ਵਧੀ ਬਿਜਲੀ ਦੀ ਮੰਗ
ਪਟਿਆਲਾ, 27 ਜੂਨ – (ਪੰਜਾਬ ਡਾਇਰੀ) ਪੰਜਾਬ ਵਿਚ ਗਰਮੀ ਮੁੜ ਤੋਂ ਤੇਜੀ ਨਾਲ ਵੱਧ ਰਹੀ ਹੈ। ਮੌਨਸੂਨ ਪੱਛੜਨ ਕਰਕੇ ਪੰਜਾਬ ’ਚ ਪਾਰਾ ਸਿਖਰ ’ਤੇ ਹੈ ਜਿਸ ਕਰਕੇ ਪਾਵਰਕੌਮ ਸੁੱਕਣੇ ਪੈ ਗਿਆ ਹੈ। ਗਰਮੀ ਵਧਣ ਦੇ ਕਾਰਨ ਬਿਜਲੀ ਦੀ ਮੰਗ ਵਿੱਚ 2 ਹਜ਼ਾਰ ਮੈਗਾਵਾਟ ਦਾ ਵਾਧਾ ਹੋਇਆ ਹੈ। ਸੋਮਵਾਰ ਸਵੇਰੇ ਪੰਜਾਬ ਵਿਚ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤੱਕ ਪੁੱਜ ਗਈ ਹੈ। ਤਲਵੰਡੀ ਸਾਬੋ ਦਾ ਨਿੱਜੀ ਥਰਮਲ ਪਲਾਂਟ ਦਾ ਇੱਕ ਯੂਨਿਟ ਤੜਕੇ ਢਾਈ ਵਜੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਹੈ।
ਪੰਜਾਬ ਵਿਚ ਐਤਕੀਂ ਬਿਜਲੀ ਸੰਕਟ ‘ਆਊਟ ਆਫ਼ ਕੰਟਰੋਲ’ ਹੋ ਗਿਆ ਹੈ। ਦੋ ਦਿਨਾਂ ਤੋਂ ਦਿਹਾਤੀ ਖੇਤਰਾਂ ’ਚ ਅੱਠ ਤੋਂ 10 ਘੰਟੇ ਦੇ ਬਿਜਲੀ ਕੱਟ ਅਤੇ ਸ਼ਹਿਰੀ ਖੇਤਰਾਂ ਵਿਚ 4 ਤੋਂ ਅੱਠ ਘੰਟੇ ਦੇ ਇਹ ਅਣਐਲਾਨੇ ਪਾਵਰਕੱਟ ਝੱਲਣੇ ਪੈ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਸ ਵਾਰ ਬਿਜਲੀ ਸਪਲਾਈ ਦੇ ਅਗਾਊਂ ਪ੍ਰਬੰਧ ਨਾ ਕੀਤੇ ਜਾਣ ਦਾ ਖਮਿਆਜ਼ਾ ਹੁਣ ਲੋਕ ਭੁਗਤ ਰਹੇ ਹਨ।