ਅੰਮ੍ਰਿਤਸਰ, 8 ਜੂਨ – (ਪੰਜਾਬ ਡਾਇਰੀ) ਅੰਮ੍ਰਿਤਸਰ ਪੁਲਿਸ ਸਟੇਸ਼ਨ ਰੇਲਵੇ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਗੁਰਗੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਉਤੇ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਗਿਰੋਹ ਅੰਮ੍ਰਿਤਸਰ ਸਟੇਸ਼ਨ ਦੇ ਰੇਲਵੇ ਟਰੈਕ ਉਤੇ ਬੈਠਦੇ ਸਨ।
ਇਸ ਗਿਰੋਹ ਦੇ ਗੁਰਗੇ ਰੇਲਗੱਡੀ ਤੋਂ ਹੇਠਾਂ ਉਤਰਦੇ ਮੁਸਾਫਿਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਤੇ ਰਾਤ ਦੇ ਸਮੇਂ ਇਕੱਲੇ ਸਟੇਸ਼ਨ ਤੋਂ ਬਾਹਰ ਆਉਂਦੇ ਮੁਸਾਫਰਾਂ ਨਾਲ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਇੱਕ ਖਿਡੌਣਾ ਪਿਸਤੌਲ ਅਤੇ ਚਾਕੂ ਬਰਾਮਦ ਹੋਇਆ ਹੈ। ਖਿਡੌਣਾ ਪਿਸਤੌਲ ਜਾਂ ਚਾਕੂ ਵਿਖਾ ਕੇ ਉਹ ਸਵਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਚਾਕੂ ਜਾਂ ਪਿਸਤੌਲ ਵਿਖਾ ਕੇ ਲੋਕਾਂ ਨਾਲ ਲੁੱਟਖੋਹ ਕਰਦੇ ਸਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਇਨ੍ਹਾਂ ਕੋਲੋਂ ਚੋਰੀ ਕੀਤੇ ਹੋਏ 4 ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਪੁੱਛ-ਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਈ ਵਾਰ ਚੱਲਦੀ ਰੇਲਗੱਡੀ ਵਿਚੋਂ ਲੁੱਟ-ਖੋਹ ਕਰ ਕੇ ਰੇਲ ਗੱਡੀ ਵਿਚੋਂ ਛਾਲ ਮਾਰ ਦਿੰਦੇ ਸਨ। ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਵਿੱਚ ਇਕ ਅੰਮ੍ਰਿਤਸਰ ਤੇ ਦੋ ਬਾਹਰ ਦੇ ਹਨ। ਹੁਣ ਇਹ ਤਿੰਨੋਂ ਲੰਬੇ ਸਮੇਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਹੇ ਸਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਪੁਲਿਸ ਮੁਲਜ਼ਮਾਂ ਕੋਲੋਂ ਪੁੱਛ-ਗਿੱਛ ਰਹੀ ਹੈ ਤੇ ਪੁਲਿਸ ਇਸ ਮਾਮਲੇ ਸਬੰਧੀ ਹੋਣ ਖ਼ੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ, ਝਪਟਮਾਰਾਂ, ਚੋਰਾਂ ਤੇ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਗਲਤ ਅਨਸਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।