ਅੰਮ੍ਰਿਤਸਰ, 10 ਜੂਨ – (ਪੰਜਾਬ ਡਾਇਰੀ) ਅੰਮ੍ਰਿਤਸਰ ਦੇ ਬੱਸ ਅੱਡੇ ਉਤੇ ਅੱਜ ਪੱਟੀ ਡਿਪੂ ਦੀ ਬੱਸ ਦੇ ਕੰਡਕਟਰ ਦਾ ਇਕ ਮਹਿਲਾ ਦਾ ਫਰੀ ਸਫਰ ਤੇ ਸੀਟ ਨੂੰ ਲੈ ਕੇ ਝਗੜਾ ਹੋਣ ਦਾ ਸਮਾਚਾਰ ਮਿਲਿਆ ਹੈ। ਜਿਸ ਵਿਚ ਔਰਤ ਵੱਲੋਂ ਕੰਡਕਟਰ ਨਾਲ ਝਗੜਾ ਕਰਨ ਤੋਂ ਬਾਅਦ ਹੱਥ ਚੁੱਕ ਕੇ ਉਥੇ ਤਮਾਸ਼ਾ ਕੀਤਾ ਗਿਆ।ਇਸ ਕਾਰਨ ਇਹ ਮਾਮਲਾ ਬਾਅਦ ਵਿਚ ਪੁਲਿਸ ਚੌਕੀ ਤਕ ਪਹੁੰਚ ਗਿਆ। ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ ਅਤੇ ਮੁੱਢਲੀ ਜਾਂਚ ਵਿਚ ਕੁਝ ਮਹਿਲਾ ਸਵਾਰੀਆਂ ਵੀ ਗਵਾਹੀ ਦੇਣ ਪੁੱਜੀਆਂ ਸਨ ਅਤੇ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੀੜਤ ਕੰਡਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪੱਟੀ ਡਿਪੂ ਦੀ ਬੱਸ ਦਾ ਕੰਡਕਟਰ ਹੈ ਅਤੇ ਉਕਤ ਮਹਿਲਾ ਵੱਲੋਂ ਸੀਟ ਨੂੰ ਲੈ ਕੇ ਕਹਾਸੁਣੀ ਕੀਤੀ ਗਈ ਹੈ ਜੋ ਕਿ ਪੰਜਾਬ ਸਰਕਾਰ ਦੀ ਫਰੀ ਸੇਵਾ ਨੂੰ ਲੈ ਕੇ ਮੇਰੇ ਉਤੇ ਸੀਟ ਨਾ ਮਿਲਣ ਕਾਰਨ ਰੋਹਬ ਝਾੜ ਰਹੀ ਸੀ ਅਤੇ ਬਾਅਦ ਵਿੱਚ ਉਸ ਨਾਲ ਬਦਸਲੂਕੀ ਕਰਦੀ ਦੀ ਜਦੋਂ ਮੈਂ ਉਸਦੀ ਵੀਡੀਓ ਬਣਾਈ ਤੇ ਉਸ ਨੇ ਮੇਰਾ ਫੋਨ ਥੱਲੇ ਮਾਰ ਤੋੜ ਦਿੱਤਾ ਹੈ ਅਤੇ ਹੁਣ ਜਦੋਂ ਮਾਮਲਾ ਥਾਣੇ ਪਹੁੰਚਿਆ ਤਾਂ ਹੁਣ ਉਹ ਫੋਨ ਦੇ ਪੈਸੇ ਭਰਨ ਨੂੰ ਵੀ ਤਿਆਰ ਹੈ ਪਰ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ ਇਸ ਝੜਪ ਕਾਰਨ ਔਰਤ ਵੱਲੋਂ ਉਸ ਉਤੇ ਨਾਜਾਇਜ਼ ਹੱਥੋਪਾਈ ਅਤੇ ਉਸ ਦਾ ਫੋਨ ਤੋੜਿਆ ਗਿਆ ਹੈ ਅਤੇ ਇਸ ਦੇ ਝਗੜੇ ਕਾਰਨ ਪੱਟੀ ਦਾ ਫੇਰਾ ਵੀ ਖੁੰਝ ਗਿਆ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤਾ ਗਿਆ ਫਰੀ ਬੱਸ ਸਫਰ ਕਾਰਨ ਕਈ ਵਾਰ ਵਿਵਾਦ ਹੋ ਚੁੱਕੇ ਹਨ। ਕੁਝ ਦਿਨ ਪਹਿਲਾਂ ਵੀ ਇਕ ਦੋ ਔਰਤਾਂ ਸੀਟ ਨੂੰ ਲੈ ਕੇ ਝਗੜੀਆਂ ਸਨ। ਇਸ ਤੋਂ ਇਲਾਵਾ ਬੱਸ ਸਟਾਫ ਨਾਲ ਵੀ ਬਦਸਲੂਕੀ ਦੀ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਲੋਕ ਇਲਜ਼ਾਮ ਲਗਾਉਂਦੇ ਹਨ ਕਿ ਸਰਕਾਰੀ ਬੱਸ ਵਾਲੇ ਬੱਸ ਸਟਾਪ ਉਤੇ ਬੱਸ ਨਹੀਂ ਰੋਕਦੇ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ।