ਚੰਡੀਗੜ੍ਹ, 4 ਜੂਨ – (ਪੰਜਾਬ ਡਾਇਰੀ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਸੂਤਰਾਂ ਦੇ ਮੁਤਾਬਿਕ ਹੁਣ ਸਿੱਧੂ ਮੂਸੇਵਾਲਾ ਕਤਲ ਦੇ ਤਾਰ ਹਰਿਆਣਾ ਨਾਲ ਜੁੜ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਸਿੱਧੂ ਨੂੰ ਗੋਲੀਆਂ ਮਾਰਨ ਵਾਲੇ ਸ਼ਾਰਪ ਸ਼ੂਟਰ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਹਨ। ਫਤਿਹਾਬਾਦ ਦੇ ਪੈਟਰੋਲ ਦੇ ਇੱਕ CCTV ਫੁੱਟੇਜ ਦੇ ਸਾਹਮਣੇ ਆਉਣ ਮਗਰੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬੁਲੈਰੋ ਗੱਡੀ ‘ਚ ਸਵਾਰ ਦੋ ਮੁਲਜ਼ਮ ਸੋਨੀਪਤ ਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੂਟਰ ਪ੍ਰੀਯਾਵ੍ਰਤ ਫੌਜੀ ਅਤੇ ਅੰਕਿਤ ਸੇਰਸਾ ਦੋ ਸ਼ਾਰਪ ਸ਼ੂਟਰ ਹਨ। ਪ੍ਰੀਯਾਵ੍ਰਤ ਦਾ ਹੁਲਿਆ CCTV ਨਾਲ ਮੇਲ ਖਾਂਦਾ ਹੈ। 18 ਮਾਰਚ 2021 ਨੂੰ ਸੋਨੀਪਤ ਦੇ ਗੈਂਗਸਟਰ ਬਿੱਟੂ ਬਰੋਣਾ ਦਾ ਕਤਲ ਹੋਇਆ ਸੀ। ਇਸ ਕਤਲ ਕੇਸ ਵਿੱਚ ਵੀ ਪ੍ਰੀਯਾਵ੍ਰਤ ਦਾ ਨਾਮ ਆਇਆ ਸੀ। ਪ੍ਰੀਯਾਵ੍ਰਤ ਹਰਿਆਣਾ ਦੇ ਪਿੰਡ ਸਿਮਾਨਾ ਗੜੀ ਦਾ ਰਹਿਣ ਵਾਲਾ ਹੈ। ਉਧਰ ਦੂਜੇ ਲੜਕੇ ਅੰਕਿਤ ਦੀ ਸੋਨੀਪਤ ਪੁਲਿਸ ਦੇ ਕੋਲ ਕੋਈ ਕ੍ਰਾਇਮ ਹਿਸਟਰੀ ਨਹੀਂ ਹੈ। ਪ੍ਰੀਯਾਵ੍ਰਤ ਫੌਜੀ ਰਾਮਕਰਣ ਦਾ ਸ਼ਾਰਪ ਸ਼ੂਟਰ ਵੀ ਰਿਹਾ ਹੈ। ਉਸ ‘ਤੇ ਦੋ ਕਤਲ ਸਣੇ ਦਰਜਨ ਤੋਂ ਵੱਧ ਗੰਭੀਰ ਅਪਰਾਧ ਦੇ ਮਾਮਲੇ ਦਰਜ ਹਨ। ਦੱਸ ਦੇਈਏ ਕਿ ਇਨ੍ਹਾਂ ‘ਤੇ ਮੂਸੇਵਾਲਾ ਹੱਤਿਆਕਾਂਡ ‘ਚ ਹੱਥ ਹੋਣ ਦਾ ਸ਼ੱਕ ਹੈ ਅਤੇ ਪੰਜਾਬ ਪੁਲਸ ਨੇ ਦੋਵਾਂ ਦੀ ਗ੍ਰਿਫਤਾਰੀ ਲਈ ਸੋਨੀਪਤ ‘ਚ ਛਾਪੇਮਾਰੀ ਕੀਤੀ ਹੈ। ਮੂਸੇਵਾਲਾ ਦੇ ਕਾਤਲਾਂ ਦੀ ਸੂਚੀ ‘ਚ ਸਥਾਨਕ ਬਦਮਾਸ਼ਾਂ ਦਾ ਨਾਂ ਆਉਣ ਤੋਂ ਬਾਅਦ ਸੋਨੀਪਤ ਪੁਲਸ ਵੀ ਅਲਰਟ ‘ਤੇ ਹੈ। ਹਾਲਾਂਕਿ ਪੁਲਿਸ ਅਜੇ ਤੱਕ ਪੰਜਾਬ ਪੁਲਿਸ ਤੋਂ ਮਿਲੇ ਕਿਸੇ ਵੀ ਇਨਪੁੱਟ ਨੂੰ ਮੀਡੀਆ ਨਾਲ ਸਾਂਝਾ ਕਰਨ ਤੋਂ ਗੁਰੇਜ਼ ਕਰ ਰਹੀ ਹੈ। ਐਸਪੀ ਹਿਮਾਂਸ਼ੂ ਗਰਗ ਦਾ ਕਹਿਣਾ ਹੈ ਕਿ ਵੱਡੀ ਘਟਨਾ ਤੋਂ ਬਾਅਦ ਪੁਲਿਸ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਦੀ ਹੈ। ਪੁਲੀਸ ਅਨੁਸਾਰ ਕਾਰ ਵਿੱਚੋਂ ਤੇਲ ਭਰਵਾਉਣ ਲਈ ਹੇਠਾਂ ਉਤਰੇ ਦੋ ਨੌਜਵਾਨ ਸੋਨੀਪਤ ਦੇ ਬਦਨਾਮ ਬਦਮਾਸ਼ ਪਰਵਤ ਫੌਜੀ ਅਤੇ ਜੈਂਤੀ ਗੈਂਗਸਟਰ ਦੱਸੇ ਜਾ ਰਹੇ ਹਨ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ‘ਚ ਪੰਜਾਬ ਪੁਲਸ ਨੇ ਪਵਨ ਅਤੇ ਇਕ ਹੋਰ ਵਿਅਕਤੀ ਨਸੀਬ ਵਾਸੀ ਭਿਰਡਾਣਾ, ਫਤਿਹਾਬਾਦ ਨੂੰ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਹੈ।