ਫਰੀਦਕੋਟ, 6 ਜੂਨ – (ਪੰਜਾਬ ਡਾਇਰੀ) ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਰਾਜ ਦੀਆਂ ਪੰਚਾਇਤੀ/ਸ਼ਾਮਲਾਤ ਜਮੀਨਾਂ ਤੋਂ ਨਜਾਇਜ ਕਬਜੇ ਹਟਾਉਣ ਦੀ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ਫਰੀਦਕੋਟ ਜਿਲੇ ਵਿੱਚੋਂ ਪੰਚਾਇਤੀ ਜਮੀਨਾਂ ਤੋਂ ਨਜਾਇਜ ਕਬਜੇ ਹਟਾਏ ਜਾਣਗੇ। ਇਹ ਜਾਣਕਾਰੀ ਡੀ.ਡੀ.ਪੀ.ਓ ਫਰੀਦਕੋਟ ਸ੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਜਿਲੇ ਦੇ ਸਮੂਹ ਬੀ.ਡੀ.ਪੀ.ਓਜ ਤੇ ਪਟਵਾਰੀਆਂ ਨਾਲ ਮੀਟਿੰਗ ਉਪਰੰਤ ਦਿੱਤੀ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵੱਲੋਂ ਪ੍ਰਾਪਤ ਹੁਕਮਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਅਤੇ ਸੰਮਤੀ ਪਟਵਾਰੀਆਂ ਨਾਲ ਅੱਜ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਾਮਲਾਤ ਜਮੀਨ ਦੀ ਭਾਲ ਕੀਤੀ ਜਾਵੇ ਜੋ ਕਿ ਠੇਕੇ ਤੇ ਨਹੀਂ ਚੜਦੀ ਅਤੇ ਇਸ ਦੇ ਨਾਲ ਇਹ ਵੀ ਪਤਾ ਕੀਤਾ ਜਾਵੇ ਕਿ ਇਹ ਰਕਬਾ ਨਜਾਇਜ਼ ਕਾਬਜ ਅਧੀਨ ਤਾਂ ਨਹੀਂ। ਜੇਕਰ ਨਜ਼ਾਇਜ਼ ਕਾਬਜ ਅਧੀਨ ਹੈ ਤਾਂ ਕਾਬਜਕਾਰਾਂ ਨੂੰ ਨਜਾਇਜ ਕਬਜਾ ਛੱਡਣ ਦੀ ਅਪੀਲ ਕੀਤੀ ਜਾਵੇ ਅਤੇ ਜੇਕਰ ਨਜ਼ਾਇਜ਼ ਕਾਬਜਕਾਰ ਜਮੀਨ ਨਹੀ ਛੱਡਦਾ ਤਾਂ ਉਸ ਵਿਰੁੱਧ ਪੰਜਾਬ ਵਿਲੇਜ਼ ਕਾਮਨ ਲੈਂਡ ਐਕਟ ਦੀ ਧਾਰਾ 7 ਅਧੀਨ ਕੁਲੈਕਟਰ-ਕਮ-ਡੀ.ਡੀ.ਪੀ.ਓ. ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਾਵੇ। ਜਿਸ ਵਿੱਚ ਨਜਾਇਜ ਕਾਬਜਕਾਰ ਨੂੰ ਜੁਰਮਾਨਾ ਅਤੇ ਸਜਾ ਦਿਵਾਈ ਜਾਵੇਗੀ।
ਇਸ ਮੌਕੇ ਸ੍ਰੀ ਤਜਿੰਦਰਪਾਲ ਸਿੰਘ ਬੀ.ਡੀ.ਪੀ.ਓ ਫਰੀਦਕੋਟ, ਸ੍ਰੀ ਅਭਿਨਵ ਗੋਇਲ ਬੀ.ਡੀ.ਪੀ.ਓ ਜੈਤੋ ਅਤੇ ਕੋਟਕਪੂਰਾ ਵੀ ਹਾਜਰ ਸਨ।