BSF ਨੂੰ ਮਿਲੀ ਕਾਮਯਾਬੀ, ਤਰਨਤਾਰਨ ਬਾਰਡਰ ‘ਤੇ 1 ਪਾਕਿਸਤਾਨੀ ਘੁਸਪੈਠੀਆ ਨੂੰ ਕੀਤਾ ਕਾਬੂ
ਤਰਨਤਾਰਨ, 24 ਮਈ (ਰੋਜਾਨਾ ਸਪੋਕਸਮੈਨ)- ਬੀਐਸਐਫ ਨੇ ਤਰਨਤਾਰਨ ਸਰਹੱਦ ‘ਤੇ 1 ਪਾਕਿਸਤਾਨੀ ਘੁਸਪੈਠੀਏ ਨੂੰ ਫੜਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, 23 ਮਈ 2024 ਨੂੰ ਰਾਤ ਦੀ ਡਿਊਟੀ ‘ਤੇ ਚੌਕਸ ਬੀਐਸਐਫ ਜਵਾਨਾਂ ਨੇ ਅੰਤਰਰਾਸ਼ਟਰੀ ਸਰਹੱਦ (ਆਈਬੀ) ਦੇ ਨੇੜੇ ਕੁਝ ਸ਼ੱਕੀ ਗਤੀਵਿਧੀ ਦੇਖੀ।
1 ਪਾਕਿਸਤਾਨੀ ਘੁਸਪੈਠੀਏ ਨੂੰ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਖੇਤਰ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੁੰਦੇ ਦੇਖਿਆ ਗਿਆ, ਚੌਕਸ ਜਵਾਨਾਂ ਨੇ ਤੁਰੰਤ ਘੁਸਪੈਠ ਨੂੰ ਰੋਕਣ ਲਈ ਚੁਣੌਤੀ ਦਿੱਤੀ ਪਰ ਉਹ ਸਰਹੱਦੀ ਸੁਰੱਖਿਆ ਵਾੜ ਵੱਲ ਭੱਜ ਗਿਆ।
ਆਉਣ ਵਾਲੇ ਖਤਰੇ ਨੂੰ ਮਹਿਸੂਸ ਕਰਦੇ ਹੋਏ ਅਤੇ ਸਰਹੱਦ ‘ਤੇ ਹਾਈ ਅਲਰਟ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ, ਡਿਊਟੀ ‘ਤੇ ਤਾਇਨਾਤ ਜਵਾਨਾਂ ਨੇ ਵੱਧ ਤੋਂ ਵੱਧ ਸੰਜਮ ਵਰਤਦੇ ਹੋਏ ਘੁਸਪੈਠੀਏ ਨੂੰ ਬੇਅਸਰ ਕਰਨ ਲਈ ਉਸ ‘ਤੇ ਗੋਲੀਬਾਰੀ ਕੀਤੀ। ਨਤੀਜੇ ਵਜੋਂ, ਉਸ ਦੇ ਖੱਬੇ ਪੱਟ ‘ਤੇ ਗੋਲੀ ਲੱਗੀ ਅਤੇ ਉਹ ਸਰਹੱਦੀ ਸੁਰੱਖਿਆ ਵਾੜ ਦੇ ਕੋਲ ਡਿੱਗ ਗਿਆ। ਜ਼ਖ਼ਮੀ ਘੁਸਪੈਠੀਏ ਨੂੰ ਤੁਰੰਤ ਕਾਬੂ ਕਰ ਲਿਆ ਗਿਆ।
ਇਸ ਤੋਂ ਬਾਅਦ ਬੀਐਸਐਫ ਦੇ ਜਵਾਨ ਜ਼ਖ਼ਮੀ ਪਾਕਿਸਤਾਨੀ ਘੁਸਪੈਠੀਏ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਲੈ ਗਏ। ਜ਼ਖਮੀ ਘੁਸਪੈਠੀਏ ਦੀ ਹਾਲਤ ਹੁਣ ਸਥਿਰ ਹੈ। ਪਾਕਿਸਤਾਨੀ ਘੁਸਪੈਠੀਏ ਤੋਂ ਹੋਰ ਜਾਣਕਾਰੀ ਇਕੱਠੀ ਕਰਨ ਲਈ ਪੁੱਛਗਿੱਛ ਕੀਤੀ ਜੈ ਰਹੀ ਹੈ।