CM ਭਗਵੰਤ ਮਾਨ ਦੀ ਕੋਠੀ ਨੇੜੇ ਟੈਂਕੀ ‘ਤੇ ਬੈਠੇ ਇੰਦਰਜੀਤ ਸਿੰਘ ਮਾਨਸਾ ਵਲੋਂ ਨਵੇਂ ਆਰਡਰ ਲੈਣ ਤੋਂ ਨਾਂਹ
ਸੰਗਰੂਰ, 28 ਜੁਲਾਈ (ਰੋਜਾਨਾ ਸਪੋਕਸਮੈਨ)- ਮਾਨ ਸਰਕਾਰ ਵਲੋਂ ਅੱਜ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਆਰਡਰ ਜਾਰੀ ਕੀਤੇ ਜਾ ਰਹੇ ਹਨ। ਪਿਛਲੇ ਡੇਢ ਮਹੀਨੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੇੜਲੇ ਪਿੰਡ ਖੁਰਾਣਾ ਵਿਖੇ ਪਾਣੀ ਦੀ ਟੈਂਕੀ ਉੱਪਰ ਡਟੇ ਮਾਨਸਾ ਦੇ ਇੰਦਰਜੀਤ ਸਿੰਘ ਨੇ ਅਪਣੇ ਆਰਡਰ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਉਸ ਨੇ ਕਿਹਾ ਕਿ ਜਦੋਂ ਤੱਕ ਪੇ ਸਕੇਲ, ਬਣਦੇ ਭੱਤੇ, ਸੀਐੱਸਆਰ ਰੂਲਜ਼ ਤਹਿਤ ਪੱਕੇ ਆਰਡਰ ਨਹੀਂ ਦਿਤੇ ਜਾਂਦੇ, ਉਦੋਂ ਤੱਕ ਉਹ ਟੈਂਕੀ ਉੱਪਰ ਹੀ ਡਟਿਆ ਰਹੇਗਾ।
ਇੰਦਰਜੀਤ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਵਲੋਂ ਕੱਚੇ ਅਧਿਆਪਕਾਂ ਨੂੰ ਸੀਐੱਸਆਰ ਰੂਲਜ਼ ਤਹਿਤ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਸਿਰਫ਼ ਤਨਖਾਹਾਂ ਵਿਚ ਵਾਧਾ ਕਰ ਕੇ ਹੀ ਆਰਡਰ ਦਿਤੇ ਜਾ ਰਹੇ ਹਨ।
ਉਨ੍ਹਾਂ ਐਲਾਨ ਕੀਤਾ ਕਿ 30 ਜੁਲਾਈ ਨੂੰ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਵਲੋਂ ਕੱਚੇ ਅਧਿਆਪਕਾਂ ਨੂੰ ਦਿਤੇ ਜਾਣ ਵਾਲੇ ਆਰਡਰਾਂ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਅਤੇ ਟੈਂਕੀ ਹੇਠਾਂ ਚੱਲ ਰਿਹਾ ਪੱਕਾ ਮੋਰਚਾ ਵੀ ਲਗਾਤਾਰ ਜਾਰੀ ਰਹੇਗਾ।
ਉਧਰ ਇਸ ਸੰਬੰਧੀ ਗੱਲਬਾਤ ਕਰਦਿਆਂ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਨਵੇਂ ਬਦਲਾਅ ਵਾਲੀ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਝੂਠ ਨੂੰ ਸੱਚ ਦਿਖਾਉਣ ਵਿਚ ਲੱਗਿਆ ਹੋਇਆ ਹੈ। ਪੱਕੀ ਨੌਕਰੀ ਦੇ ਪੂਰੇ ਲਾਭ ਦਿਤਿਆਂ ਬਗੈਰ ਕੇਵਲ ਤਨਖਾਹ ਦੇ ਵਾਧੇ ਨੂੰ ਹੀ ਕੱਚੇ ਅਧਿਆਪਕਾਂ ਨੂੰ ਪੱਕਾ ਦੱਸ ਰਹੇ ਹਨ ਤਾਂ ਫੇਰ 1 ਜੁਲਾਈ ਨੂੰ ਪੁਲਿਸ ਤੋਂ ਅਪਣੀਆਂ ਪੱਗਾਂ ਲਹਾਉਣ ਵਾਲੇ ਕੱਚੇ ਅਧਿਆਪਕ ਪਿੰਡ ਖੁਰਾਣਾ (ਸੰਗਰੂਰ) ਦੀ ਟੈਂਕੀ ‘ਤੇ ਪਿਛਲੇ 45 ਦਿਨ ਤੋਂ ਕਿਉਂ ਬੈਠੇ ਹਨ?
ਉਨ੍ਹਾਂ ਕਿਹਾ ਕਿ ਸਾਢੇ 12 ਹਜ਼ਾਰ ਕੱਚੇ ਅਧਿਆਪਕਾਂ ਦੀਆਂ ਸਿਰਫ਼ ਤਨਖ਼ਾਹਾਂ ਵਧਾਈਆਂ ਹਨ, ਇਸ ਫ਼ੈਸਲੇ ਨੂੰ ਸੇਵਾਵਾਂ ਪੱਕੀਆਂ ਹੋਣਾ ਤਾਂ ਮੰਨਿਆ ਜਾ ਸਕੇਗਾ ਜੇਕਰ ਪੰਜਾਬ ਸਰਕਾਰ ਇਨਾਂ ਅਧਿਆਪਕਾਂ ਨੂੰ ਬਾਕੀ ਪੱਕੇ ਅਧਿਆਪਕਾਂ ਵਾਂਗ, ਸਾਰੇ ਭੱਤੇ, ਪੂਰੀਆਂ ਤਨਖਾਹਾਂ ਸਮੇਤ ਬਾਕੀ ਸਾਰੀਆਂ ਸਹੂਲਤਾਂ ਦੇਵੇ ਅਤੇ ਅਤੇ ਇਨ੍ਹਾਂ ’ਤੇ ਸਾਰੇ ਸਿਵਲ ਸਰਵਿਸਿਜ਼ ਰੂਲਜ਼ ਲਾਗੂ ਕੀਤੇ ਜਾਣ।