G20 ਨੂੰ ਹੁਣ ਕਿਹਾ ਜਾਵੇਗਾ G21, ਅਫਰੀਕਨ ਯੂਨੀਅਨ ਨੂੰ ਮਿਲੀ ਮੈਂਬਰਸ਼ਿਪ, ਮੋਦੀ ਬੋਲੇ: ਸਭ ਨੂੰ ਨਾਲ ਲੈ ਕੇ ਚੱਲਣ ਦਾ ਸਮਾਂ
ਨਵੀਂ ਦਿੱਲੀ, 9 ਸਤੰਬਰ (ਰੋਜਾਨਾ ਸਪੋਕਸਮੈਨ)- G20 ਸੰਮੇਲਨ ‘ਚ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਮੁਖੀਆਂ ਦੇ ਆਉਣ ਤੋਂ ਬਾਅਦ PM ਮੋਦੀ ਦੇ ਭਾਸ਼ਣ ਨਾਲ G20 ਸੰਮੇਲਨ ਦੀ ਸ਼ੁਰੂਆਤ ਹੋ ਗਈ ਹੈ। ਇਸ ਦਾ ਆਯੋਜਨ ਰਾਜਧਾਨੀ ਦਿੱਲੀ ਦੇ ਭਾਰਤ ਮੰਡਪਮ ‘ਚ ਕੀਤਾ ਜਾ ਰਿਹਾ ਹੈ, ਜਿੱਥੇ ਦੁਨੀਆ ਦੇ ਕਈ ਨੇਤਾ ਅਤੇ ਉਦਯੋਗਪਤੀ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦਾ ਕਾਨਫ਼ਰੰਸ ਵਿਚ ਸਵਾਗਤ ਕੀਤਾ।
ਇਸ ਤੋਂ ਬਾਅਦ ਕਾਨਫ਼ਰੰਸ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਅਫਰੀਕੀ ਯੂਨੀਅਨ ਦੇ ਜੀ-20 ਦੇ ਮੈਂਬਰ ਹੋਣ ਦਾ ਐਲਾਨ ਕੀਤਾ।ਸਾਰੇ ਦੇਸ਼ਾਂ ਦੇ ਨੇਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਨੇ ਕਿਹਾ ਕਿ 21ਵੀਂ ਸਦੀ ਦਾ ਇਹ ਸਮਾਂ ਇੱਕ ਮਹੱਤਵਪੂਰਨ ਸਮਾਂ ਹੈ ਜੋ ਪੂਰੀ ਦੁਨੀਆ ਨੂੰ ਇੱਕ ਨਵੀਂ ਦਿਸ਼ਾ ਦਿਖਾਏਗਾ ਅਤੇ ਦੇਵੇਗਾ।
ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਸਦੀਆਂ ਪੁਰਾਣੀਆਂ ਚੁਣੌਤੀਆਂ ਸਾਡੇ ਤੋਂ ਨਵੇਂ ਹੱਲ ਦੀ ਮੰਗ ਕਰ ਰਹੀਆਂ ਹਨ, ਇਸ ਲਈ ਸਾਨੂੰ ਮਨੁੱਖ-ਕੇਂਦ੍ਰਿਤ ਪਹੁੰਚ ਅਪਣਾ ਕੇ ਅੱਗੇ ਵਧਣਾ ਹੋਵੇਗਾ। ਦਿੱਲੀ ‘ਚ ਆਯੋਜਿਤ ਜੀ-20 ਸੰਮੇਲਨ ‘ਚ ਪੀਐੱਮ ਮੋਦੀ ਨੇ ਕਿਹਾ ਕਿ ਕੋਵਿਡ-19 ਤੋਂ ਬਾਅਦ ਦੁਨੀਆ ‘ਚ ਵਿਸ਼ਵਾਸ ਦੀ ਕਮੀ ਕਾਰਨ ਵੱਡਾ ਸੰਕਟ ਆ ਗਿਆ ਹੈ। ਜੰਗ ਨੇ ਭਰੋਸੇ ਦੀ ਘਾਟ ਨੂੰ ਡੂੰਘਾ ਕੀਤਾ ਹੈ।
ਜਦੋਂ ਅਸੀਂ ਕੋਵਿਡ ਨੂੰ ਹਰਾ ਸਕਦੇ ਹਾਂ, ਅਸੀਂ ਆਪਸੀ ਅਵਿਸ਼ਵਾਸ ਦੇ ਰੂਪ ਵਿਚ ਆਏ ਸੰਕਟ ਨੂੰ ਵੀ ਹਰਾ ਸਕਦੇ ਹਾਂ। ਆਓ ਅਸੀਂ ਮਿਲ ਕੇ ਵਿਸ਼ਵ ਭਰ ਵਿਚ ਭਰੋਸੇ ਦੀ ਘਾਟ ਨੂੰ ਇੱਕ ਭਰੋਸੇ ਵਿਚ ਬਦਲ ਦੇਈਏ। ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਦੀ ਸੀਟ ਦੇ ਸਾਹਮਣੇ ਰੱਖੀ ਪੱਟੀ ‘ਤੇ ਭਾਰਤ ਲਿਖਿਆ ਹੋਇਆ ਦਿਖਿਆ। ਇਸ ਤੋਂ ਪਹਿਲਾਂ ਅਜਿਹੀਆਂ ਮੀਟਿੰਗਾਂ ਵਿਚ India ਲਿਖਿਆ ਜਾਂਦਾ ਸੀ। ਓਧਰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਟਵਿੱਟਰ ‘ਤੇ ਲਿਖਿਆ, “ਉਮੀਦ ਅਤੇ ਵਿਸ਼ਵਾਸ ਦਾ ਨਵਾਂ ਨਾਮ – ਭਾਰਤ।”
ਅਜ਼ਾਲੀ ਅਸੌਮਾਨੀ, ਕੋਮੋਰੋਸ ਸੰਘ ਦੇ ਪ੍ਰਧਾਨ ਅਤੇ ਅਫ਼ਰੀਕਨ ਯੂਨੀਅਨ (ਏਯੂ) ਦੇ ਚੇਅਰਮੈਨ, ਜੀ-20 ਦੇ ਸਥਾਈ ਮੈਂਬਰ ਬਣਨ ਤੋਂ ਬਾਅਦ ਆਪਣੀ ਜਗ੍ਹਾ ਲੈ ਲਈ। ਅਫਰੀਕੀ ਸੰਘ ਵਿਚ ਸ਼ਾਮਲ ਹੋਣ ਤੋਂ ਬਾਅਦ, ਹੁਣ ਤੋਂ G20 ਨੂੰ G21 ਕਿਹਾ ਜਾਵੇਗਾ।