LPU ‘ਚ ਚੱਲੀਆਂ ਤਾਬੜਤੋੜ ਗੋਲੀਆਂ, 30 ਬਦਮਾਸ਼ਾਂ ਨੇ ਕੀਤੇ ਫਾਇਰ, 1 ਦੀ ਹੋਈ ਮੌਤ
ਫਗਵਾੜਾ, 9 ਸਤੰਬਰ (ਰੋਜਾਨਾ ਸਪੋਕਸਮੈਨ)- ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲੋਹਗੇਟ ‘ਤੇ ਖੜ੍ਹੇ ਨੌਜਵਾਨਾਂ ‘ਤੇ ਕਰੀਬ 30 ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰ ਦਿਤਾ। ਬਦਮਾਸ਼ਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਸਨ। ਉਨ੍ਹਾਂ ਉਥੇ ਤਾਬੜਤੋੜ ਗੋਲੀਆਂ ਵੀ ਚਲਾਈਆਂ। ਇਸ ਹਮਲੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦੀ ਪਹਿਚਾਣ ਹਰਪ੍ਰੀਤ ਸਿੰਘ ਵਾਸੀ ਸਿੰਘਪੁਰ ਵਜੋਂ ਹੋਈ ਹੈ, ਜਦੋਂ ਕਿ ਹਮਲੇ ਵਿੱਚ ਦੋ ਨੌਜਵਾਨ ਜ਼ਖ਼ਮੀ ਹੋ ਗਏ ਹਨ।
ਹਮਲੇ ਵਿੱਚ ਜ਼ਖ਼ਮੀ ਹੋਏ ਅਰਜਨ ਸਿੰਘ ਰਾਣਾ ਨੇ ਦੱਸਿਆ ਕਿ ਉਹ, ਉਸ ਦਾ ਭਰਾ ਹਰਪ੍ਰੀਤ ਅਤੇ ਦੋਸਤ ਸੌਰਭ ਆਪਣੇ ਦੋਸਤ ਮਨੀ ਨੂੰ ਛੱਡਣ ਲਈ ਕਿਸੇ ਹੋਰ ਹੋਸਟਲ ਵਿੱਚ ਜਾ ਰਹੇ ਸਨ। ਉਹ ਲੋਹਗੇਟ ਕੋਲ ਖੜ੍ਹਾ ਸੀ। ਇਸ ਦੌਰਾਨ ਕਰੀਬ 25 ਤੋਂ 30 ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਆਏ। ਸਾਰਿਆਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਨੇ ਹਮਲਾ ਕਰ ਦਿੱਤਾ।
ਅਰਜੁਨ ਨੇ ਦੱਸਿਆ ਕਿ ਕੁਝ ਹਮਲਾਵਰਾਂ ਕੋਲ ਪਿਸਤੌਲ ਵੀ ਸਨ। ਉਨ੍ਹਾਂ ਨੇ ਆਉਂਦੇ ਹੀ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਜ਼ਖ਼ਮੀ ਹਰਪ੍ਰੀਤ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਅਰਜੁਨ ਨੇ ਦੱਸਿਆ ਕਿ ਉਸ ਦੇ ਭਰਾ ਹਰਪ੍ਰੀਤ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ। ਉਹ ਇਥੇ ਇੱਕ ਜੂਸ ਬਾਰ ਵਿੱਚ ਕੰਮ ਕਰਦਾ ਸੀ।
ਅਰਜਨ ਸਿੰਘ ਰਾਣਾ ਨੇ ਦੱਸਿਆ ਕਿ ਉਨ੍ਹਾਂ ‘ਤੇ ਹਮਲਾ ਕਰਨ ਵਾਲੇ ਵਿਅਕਤੀਆਂ ‘ਚ ਮਨੋਹਰ, ਰੋਸ਼ਨ, ਸਾਬਾ, ਅਭਿਸ਼ੇਕ ਅਤੇ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਸਨ। ਇਨ੍ਹਾਂ ‘ਚੋਂ ਰੌਸ਼ਨ ਹਮੇਸ਼ਾ ਪੁਲਿਸ ਵਾਲਿਆਂ ਨਾਲ ਘੁੰਮਦਾ ਰਹਿੰਦਾ ਹੈ। ਰਾਤ ਨੂੰ ਵੀ ਹਮਲੇ ਤੋਂ ਬਾਅਦ ਉਹ ਪੁਲਿਸ ਦੀ ਕਾਰ ਵਿਚ ਹੀ ਚਲਾ ਗਿਆ ਸੀ। ਉਨ੍ਹਾਂ ਉਸ ਨੂੰ ਪੁਲਿਸ ਦੀ ਗੱਡੀ ਵਿਚ ਬਿਠਾ ਕੇ ਭਜਾ ਕੇ ਲਿਜਾਣ ਦੀ ਕੋਸ਼ਿਸ਼ ਵੀ ਕੀਤੀ।