Breaking- ਦਰਜਾ ਚਾਰ ਕਰਮਚਾਰੀਆਂ ਦੇ ਤਿਉਹਾਰੀ ਕਰਜ਼ਾ ਕਢਵਾਉਣ ਦੀ ਮਿਤੀ ਵਿੱਚ 4 ਨਵੰਬਰ ਤੱਕ ਦਾ ਹੋਇਆ ਵਾਧਾ
ਫਰੀਦਕੋਟ, 31 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਦਰਜਾ ਚਾਰ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਤਿਉਹਾਰੀ ਕਰਜ਼ੇ ਨੂੰ ਖਜ਼ਾਨਾ ਦਫ਼ਤਰਾਂ ਵਿੱਚੋਂ ਕਢਵਾਉਣ ਦੀ ਮਿਤੀ ਵਿੱਚ 4 ਨਵੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ । ਇਹ ਜਾਣਕਾਰੀ ਦਿੰਦਿਆਂ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਆਗੂ ਪ੍ਰੇਮ ਚਾਵਲਾ ਨੇ ਦੱਸਿਆ ਹੈ ਕਿ ਪੰਜਾਬ ਭਰ ਵਿੱਚ ਮਨਿਸਟੀਰੀਅਲ ਸਟਾਫ ਦੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਕਲਮ ਛੋਡ਼ ਹਡ਼ਤਾਲ ਕਾਰਨ ਦਰਜਾ ਚਾਰ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਮਿਲਣ ਵਾਲਾ ਤਿਉਹਾਰੀ ਕਰਜ਼ਾ ਨਹੀਂ ਮਿਲ ਸਕਿਆ ਸੀ । ਆਗੂਆਂ ਨੇ ਅੱਗੇ ਦੱਸਿਆ ਕਿ ਦਫਤਰੀ ਕਾਮਿਆਂ ਦੀ ਕਲਮ ਛੋਡ਼ ਹਡ਼ਤਾਲ ਖ਼ਤਮ ਹੋਣ ਉਪਰੰਤ ਦੋਵਾਂ ਜੱਥੇਬੰਦੀਆਂ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਦੀ ਇਸ ਹੱਕੀ ਅਤੇ ਜਾਇਜ਼ ਮੰਗ ਨੂੰ ਪ੍ਰਵਾਨ ਕਰਵਾਉਣ ਲਈ ਲਗਾਤਾਰ ਪੰਜਾਬ ਦੇ ਵਿੱਤ ਮੰਤਰੀ ਦੇ ਨਾਂ ਈ ਮੇਲ ਰਾਹੀਂ ਮੰਗ ਪੱਤਰ ਭੇਜਕੇ ਅਤੇ ਮੀਡੀਏ ਵਿੱਚ ਸਾਂਝੇ ਤੌਰ ਤੇ ਯਤਨ ਕਰਨ ਤੋਂ ਬਾਅਦ ਹੀ ਇਹ ਤਿਉਹਾਰੀ ਕਰਜ਼ਾ ਕਢਵਾਉਣ ਦੀ ਮਿਤੀ ਵਿੱਚ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ 4 ਨਵੰਬਰ ਤੱਕ ਦਾ ਵਾਧਾ ਕੀਤਾ ਗਿਆ ਹੈ ।