ਵਿਧਾਇਕ ਨੇ ਮਾਰਿਆ ਪਟਵਾਰਖਾਨੇ ਤੇ ਤਹਿਸੀਲ ਉਤੇ ਛਾਪਾ, ਪਟਵਾਰੀ ਗੈਰਹਾਜ਼ਰ
ਲੁਧਿਆਣਾ, 16 ਮਈ (ਨਿਊਜ 18)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕਰਨ ਤੋਂ ਬਾਅਦ ਅੱਜ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਪਿੰਡ ਗਿੱਲ ਸਥਿਤ ਪਟਵਾਰਖਾਨੇ ਅਤੇ ਤਹਿਸੀਲ ਉਤੇ ਛਾਪਾ ਮਾਰਿਆ ਗਿਆ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਦੌਰਾਨ ਇਕ ਪਟਵਾਰੀ ਗੈਰ ਹਾਜ਼ਰ ਪਾਇਆ ਗਿਆ। ਉਸ ਕੋਲ ਇਕ ਪਟਵਾਰਖਾਨੇ ਦਾ ਵਾਧੂ ਚਾਰਜ ਹੈ। ਉਸ ਨੂੰ ਫੋਨ ਕੀਤਾ ਗਿਆ ਤਾਂ ਪਟਵਾਰੀ ਨੇ ਕਿਹਾ ਕਿ ਉਹ ਦੂਸਰੇ ਪਟਵਾਰਖਾਨੇ ਵਿੱਚ ਹੈ। ਜਿਸ ਤੋਂ ਬਾਅਦ ਉਸ ਨੂੰ ਆਪਣੀ ਲੁਕੇਸ਼ਨ ਭੇਜਣ ਲਈ ਕਿਹਾ ਗਿਆ, ਪਰ ਜਦੋਂ ਕਰੀਬ 15 ਮਿੰਟਾਂ ਬਾਅਦ ਵੀ ਉਸ ਨੇ ਲੋਕੇਸ਼ਨ ਨਹੀਂ ਭੇਜੀ, ਤਾਂ ਮੁੜ ਕੇ ਫੋਨ ਕੀਤਾ ਗਿਆ।
ਉਸ ਨੇ ਦੱਸਿਆ ਕਿ ਉਹ ਬਿਮਾਰ ਹੋਣ ਕਰਕੇ ਆਪਣੇ ਪਿੰਡ ਵਿੱਚ ਹੈ। ਵਿਧਾਇਕ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਪਟਵਾਰੀ ਕੋਲੋਂ ਵਾਧੂ ਚਾਰਜ ਵਾਪਸ ਲਏ ਜਾਣ ਲਾਈ ਕਹਿਣਗੇ। ਜਦ ਕਿ ਬਾਕੀ ਸਾਰਾ ਸਟਾਫ਼ ਸਮੇਂ ਤੇ ਮੌਜੂਦ ਪਾਇਆ ਗਿਆ। ਇਸ ਤੋਂ ਇਲਾਵਾ ਤਹਿਸੀਲਦਾਰ ਨੂੰ ਲੰਬੜਦਾਰਾਂ ਵਾਸਤੇ ਬੈਠਣ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ।