ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ‘ਸਿੱਖ ਵਾਤਾਵਰਣ ਦਿਵਸ’ ਵਜੋਂ ਮਨਾਇਆ
ਕੋਟਕਪੂਰਾ, 15 ਮਾਰਚ :- ਗੈਰ-ਯੋਜਨਾਬੱਧ ਤਰੱਕੀ ਅਤੇ ਮਨੁੱਖ ਦੀ ਲਾਲਸਾ ਭਰੀ ਜਿੰਦਗੀ ਬਿਤਾਉਣ ਦੀ ਇੱਛਾ ਕੁਦਰਤ ਦੇ ਸੰਤੁਲਨ ਨੂੰ ਵਿਗਾੜ ਰਹੀ ਹੈ। ਅੱਜ ਕੱਲ ਵਾਤਾਵਰਣ ਵਿੱਚ ਹਵਾ ਦਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਰਹਿੰਦ-ਖੂੰਹਦ ਦਾ ਪ੍ਰਦੂਸ਼ਣ ਬੁਰੀ ਤਰਾਂ ਫੈਲ ਗਿਆ ਹੈ ਅਤੇ ਇਹ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਭਾਰੀ ਨੁਕਸਾਨਦਾਇਕ ਹਨ, ਜੇਕਰ ਸਮਾਂ ਰਹਿੰਦਿਆਂ ਵਾਤਾਵਰਣ ਦੀ ਸੰਭਾਲ ਲਈ ਲੋੜਵੰਦ ਕਦਮ ਨਾ ਚੁੱਕੇ ਗਏ ਤਾਂ ਇਹ ਪ੍ਰਦੂਸ਼ਣ ਆਉਣ ਵਾਲੀਆਂ ਪੀੜੀਆਂ ਲਈ ਮਾਰੂ ਸਿੱਧ ਹੋਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ‘ਰਾਜਾ’ ਨੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਵੱਲੋਂ ਹਰ ਸਾਲ ਦੀ ਤਰਾਂ ਸੱਤਵੀਂ ਪਾਤਸ਼ਾਹੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ‘ਸਿੱਖ ਵਾਤਾਵਰਣ ਦਿਵਸ’ ਵਜੋਂ ਮਨਾਉਂਦੇ ਹੋਏ ਕੀਤਾ। ਸੰਸਥਾ ਦੇ ਉੱਪ ਪ੍ਰਧਾਨ ਜਤਿੰਦਰ ਸਿੰਘ ਜਸ਼ਨ ਅਤੇ ਸਲਾਹਕਾਰ ਮਨਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਸੰਸਥਾਂ ਵੱਲੋਂ ਹਰ ਰੋਜ਼ ਪੌਦਿਆਂ ਦੀ ਸੰਭਾਲ ਕੀਤੀ ਜਾਂਦੀ ਹੈ ਪਰ ਇਸ ਸ਼ੁਭ ਦਿਹਾੜੇ ਦੇ ਉਚੇਚੇ ਤੌਰ ’ਤੇ ਗੁਰੂ ਘਰ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਪ੍ਰੇਰਿਤ ਕਰਕੇ ਹੱਥੀਂ ਬੂਟੇ ਲਵਾਏ ਜਾਂਦੇ ਹਨ, ਤਾਂ ਜੋ ਉਹਨਾਂ ਵਿੱਚ ਵੀ ਕੁਦਰਤ ਪ੍ਰਤੀ ਪਿਆਰ ਪੈਦਾ ਹੋ ਸਕੇ। ਸੰਸਥਾ ਦੇ ਮੈਂਬਰ ਹਰਮੰਦਰ ਸਿੰਘ ਮੈਂਗੀ ਨੇ ਦੱਸਿਆ ਕਿ ਇਸ ਵਿਸ਼ੇਸ਼ ਦਿਹਾੜੇ ’ਤੇ 50 ਤੋਂ ਵੱਧ ਸੁੰਦਰ ਦਿੱਖ ਵਾਲੇ ਬੂਟੇ ਲਾਏ ਗਏ, ਵੱਖ-ਵੱਖ ਜਗਾ ’ਤੇ ਨਵੇਂ ਡਸਟਬੀਨ ਰੱਖੇ ਗਏ। ਇਸ ਵਿਸ਼ੇਸ਼ ਦਿਹਾੜੇ ’ਤੇ ਸੰਗਤੀ ਰੂਪ ਵਿੱਚ ਪਰਿਵਾਰ ਸਮੇਤ ਪਹੁੰਚੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਸਤਰੀ ਕੌਂਸਲ ਦੇ ਮੈਂਬਰ ਗੁਰਲੀਨ ਕੌਰ ‘ਪਿਨ ਰੰਸੀ’ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਪਣੇ ਹੱਥੀਂ ਬੂਟੇ ਲਾਏ।