ਤੰਗੀ ਤੁਰਸ਼ੀ ਦੇ ਮਾਰੇ, ਪੰਜਾਬ ਦੇ ਥਾਣੇ ਵਿਚਾਰੇ : ਢੋਸੀਵਾਲ
— ਸਰਕਾਰ ਧਿਆਨ ਦੇਵੇ —
ਸ੍ਰੀ ਮੁਕਤਸਰ ਸਾਹਿਬ, 01 ਅਪ੍ਰੈਲ – ਅਮਨ ਚੈਨ ਦੀ ਸਥਿਤੀ ਕਾਇਮ ਰੱਖਣ, ਗ਼ੈਰ ਸਮਾਜੀ ਤੱਤਾਂ ’ਤੇ ਨਕੇਲ ਕਸਣ, ਨਸ਼ਿਆਂ ਨੂੰ ਠੱਲ ਪਾਉਣ, ਲੋਕਾਂ ਦੀਆਂ ਜਾਨਾਂ ਬਚਾਉਣ ਲਈ, ਟ੍ਰੈਫਿਕ ਕੰਟਰੋਲ ਕਰਨ ਅਤੇ ਹੋਰ ਅਤਿ ਮਹੱਤਵ ਪੂਰਨ ਕਾਰਜਾਂ ਨੂੰ ਨੇਪਰੇ ਚਾੜਨ ਲਈ ਪੁਲਿਸ ਦੀ ਸਭ ਤੋਂ ਪ੍ਰਮੁੱਖ ਅਤੇ ਅਹਿਮ ਭੂਮਿਕਾ ਹੁੰਦੀ ਹੈ। ਪੁਲਿਸ ਮੁਲਾਜ਼ਮ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜਾਨਾਂ ਨੂੰ ਜੋਖਮ ਵਿਚ ਪਾ ਕੇ ਆਪਣੀ ਡਿਊਟੀ ਨਿਭਾਉਂਦੇ ਹਨ। ਪੁਲਿਸ ਦੇ ਕੰਮ ਕਾਜ ਨੂੰ ਸਹੀ ਢੰਗ ਨਾਲ ਚਲਾਉਣ ਲਈ ਹਰ ਇਲਾਕੇ ਵਿਚ ਪੁਲਿਸ ਥਾਣੇ ਬਣਾਏ ਜਾਂਦੇ ਹਨ। ਇਸੇ ਤਰਾਂ ਪੰਜਾਬ ਵਿਚ ਵੀ ਥਾਣੇ ਸਥਾਪਿਤ ਕੀਤੇ ਗਏ ਹਨ। ਮੁਢਲੀਆਂ ਸਹੂਲਤਾਂ ਅਤੇ ਹੋਰ ਘਾਟਾਂ ਕਾਰਨ ਇਹਨਾਂ ਥਾਣਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਅਤੇ ਇਥੇ ਆਉਣ ਵਾਲੇ ਵਿਅਕਤੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਜੀਵਨ ਲਈ ਸਭ ਤੋਂ ਅਹਿਮ ਲੋੜ ਪਾਣੀ ਦੀ ਹੁੰਦੀ ਹੈ। ਸ਼ਾਇਦ ਹੀ ਪੰਜਾਬ ਦੇ ਕਿਸੇ ਥਾਣੇ ਅੰਦਰ ਸਰਕਾਰ ਵੱਲੋਂ ਪੀਣ ਵਾਲੇ ਪਾਣੀ ਦੀ ਸਹੂਲਤ ਦਿਤੀ ਹੋਵੇ। ਗਰਮੀ ਦੇ ਇਸ ਮੌਸਮ ਵਿਚ ਇਹ ਸਹੂਲਤ ਨਾ ਹੋਣ ਕਰਕੇ ਥਾਣੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵੱਲੋਂ ਥਾਣਿਆਂ ਅੰਦਰ ਬਿਜਲੀ ਦੇ ਬਿੱਲ ਭਰਨ ਲਈ ਵੀ ਲੋੜੀਂਦੀ ਰਾਸ਼ੀ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਅਨੇਕਾਂ ਵਾਰ ਪੁਲਿਸ ਥਾਣਿਆਂ ਦੇ ਬਿਜਲੀ ਦੇ ਕੁਨੈਕਸ਼ਨ ਵੀ ਕੱਟੇ ਜਾਂਦੇ ਹਨ। ਐਨਾ ਹੀ ਨਹੀਂ ਬਿਜਲਈ ਯੰਤਰਾਂ ਦੀ ਦੇਖ ਰੇਖ ਅਤੇ ਮੁਰੰਮਤ ਆਦਿ ਦਾ ਕੰਮ ਵੀ ਅਕਸਰ ਪੁਲਿਸ ਮੁਲਾਜ਼ਮਾਂ ਵੱਲੋਂ ਆਪਣੀ ਜੇਬ ਵਿਚੋਂ ਪੈਸੇ ਖਰ ਕਰਕੇ ਕੀਤਾ ਜਾਂਦਾ ਹੈ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇਥੇ ਕਿਹਾ ਹੈ ਕਿ ਉਕਤ ਘਾਟਾਂ ਦੇ ਨਾਲ ਨਾਲ ਥਾਣਿਆਂ ਅੰਦਰ ਪੁਲਿਸ ਕਰਮਚਾਰੀ ਹੋਰ ਵੀ ਕਈ ਤਰਾਂ ਦੀਆਂ ਦਿੱਕਤਾਂ ਨਾਲ ਜੂਝ ਰਹੇ ਹਨ। ਜ਼ਿਆਦਾਤਰ ਥਾਣਿਆਂ ਵਿੱਚ ਸਰਕਾਰੀ ਗੱਡੀਆਂ ਦੀ ਬੜੀ ਘਾਟ ਹੈ। ਮੁਜਰਮਾਂ ਨੂੰ ਫੜਨ, ਹਸਪਤਾਲ ਵਿਚ ਮੈਡੀਕਲ ਕਰਾਉਣ, ਅਦਾਲਤ ਵਿਚ ਪੇਸ਼ ਕਰਨ ਅਤੇ ਜੇਲ ਵਿੱਚ ਪੁੱਜਦਾ ਕਰਨ ਲਈ ਪੁਲਿਸ ਨੂੰ ਬੜੀ ਔਖੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਜ਼ਿਆਦਾਤਰ ਕੰਮ ਪੁਲਿਸ ਵੱਲੋਂ ਮਜ਼ਬੂਰੀ ਵੱਸ ਨਿੱਜੀ ਵਾਹਨਾਂ ਰਾਹੀਂ ਹੀ ਕਰਨੇ ਪੈਂਦੇ ਹਨ। ਸਰਕਾਰ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਮਹੀਨੇ ਦਾ ਨਾਮਾਤਰ ਹੀ ਪੈਟਰੋਲ ਖਰਚਾ ਦਿੱਤਾ ਜਾਂਦਾ ਹੈ। ਪ੍ਰਧਾਨ ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਸਰਕਾਰ ਵੱਲੋਂ ਥਾਣਿਆਂ ਅੰਦਰ ਲੋੜੀਂਦੀ ਸਟੇਸ਼ਨਰੀ ਵੀ ਮੁਹੱਈਆ ਨਹੀਂ ਕਰਵਾਈ ਜਾਂਦੀ ਜਿਸ ਕਰਕੇ ਕਈ ਤਰਾਂ ਦੀਆਂ ਰਿਪੋਰਟਾਂ ਆਦਿ ਤਿਆਰ ਕਰਨ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਢੋਸੀਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਲਿਸ ਥਾਣਿਆਂ ਅੰਦਰ ਪੀਣ ਵਾਲੇ ਪਾਣੀ, ਬਿਜਲੀ ਲਈ ਲੋੜੀਂਦੇ ਫੰਡ, ਸਰਕਾਰੀ ਵਹੀਕਲਾਂ, ਲੋੜੀਂਦੀ ਸਟੇਸ਼ਨਰੀ, ਮੇਨਟੀਨੈਂਸ ਗ੍ਰਾਂਟ ਅਤੇ ਥਾਣਿਆਂ ਅੰਦਰ ਲਿਆਂਦੇ ਜਾਣ ਵਾਲੇ ਮੁਜਰਮਾਂ ਦੀ ਰੋਟੀ ਅਤੇ ਚਾਹ ਪਾਣੀ ਲਈ ਢੁੱਕਵਾਂ ਫੰਡ ਆਦਿ ਮੁਹੱਈਆ ਕਰਵਾਇਆ ਜਾਵੇ। ਢੋਸੀਵਾਲ ਨੇ ਪੰਜਾਬ ਪੁਲਿਸ ਦੀ ਇਸ ਗੱਲੋਂ ਸ਼ਲਾਘਾ ਕੀਤੀ ਹੈ ਕਿ ਉਹ ਥਾਣਿਆਂ ਅੰਦਰ ਅਨੇਕਾਂ ਮੁਸ਼ਕਲਾਂ ਹੋਣ ਦੇ ਬਾਵਜੂਦ ਵੀ ਆਪਣੀ ਡਿਊਟੀ ਬੇਹੱਦ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਰਹੇ ਹਨ।
ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।