ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਸਿਹਤ ਮੰਤਰੀ ਨੂੰ ਮਿਲਿਆ ਜਥੇਬੰਦੀਆਂ ਦਾ ਵਫਦ
ਵੀ.ਸੀ. ਵਲੋਂ ਕੀਤੀਆਂ ਗਈਆਂ ਨਿਯੁਕਤੀਆਂ ’ਤੇ ਵਿਜੀਲੈਂਸ ਜਾਂਚ ਦੀ ਕੀਤੀ ਮੰਗ
ਕੋਟਕਪੂਰਾ, 8 ਅਪ੍ਰੈਲ :- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਸਹਿਯੋਗੀ ਜਨਤਕ ਜਥੇਬੰਦੀਆਂ ਦਾ ਵਫਦ ਡਾ. ਵਿਜੈ ਸਿੰਗਲਾ ਸਿਹਤ ਮੰਤਰੀ ਪੰਜਾਬ ਨੂੰ ਮਿਲਿਆ, ਵਫਦ ਵਲੋਂ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਦੱਸਿਆ ਕਿ ਮੈਡੀਕਲ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਕਿਸਾਨ-ਮਜਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਪਿਛਲੇ ਲੰਮੇ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਮਾੜੇ ਪ੍ਰਬੰਧਾਂ ਦੇ ਸੁਧਾਰ ਲਈ ਸਰਕਾਰਾਂ, ਸਿਵਲ ਪ੍ਰਸ਼ਾਸ਼ਨ ਅਤੇ ਯੂਨੀਵਰਸਿਟੀ/ਮੈਡੀਕਲ ਪ੍ਰਸ਼ਾਸ਼ਨ ਦੇ ਧਿਆਨ ’ਚ ਸਮੇਂ ਸਮੇਂ ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਤੋਂ ਇਲਾਵਾ ਡਾਕਟਰ ਸਾਹਿਬਾਨਾਂ, ਨਰਸਿੰਗ ਸਟਾਫ, ਟੈਕਨੀਸ਼ੀਅਨ ਸਟਾਫ ਅਤੇ ਦਰਜਾਚਾਰ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਕਰਦੇ ਆਏ ਹਾਂ, ਕਈ ਵਾਰ ਜਥੇਬੰਦੀਆਂ ਨੂੰ ਧਰਨੇ ਵੀ ਲਾਉਣੇ ਪਏ, ਡਾ. ਰਾਜ ਬਹਾਦਰ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੀ ਜਿੱਦ ਕਰਕੇ ਹਸਪਤਾਲ ’ਚ ਇੱਕਾ-ਦੁੱਕਾ ਕੰਮਾਂ ਨੂੰ ਛੱਡ ਕੇ ਕੋਈ ਸੁਧਾਰ ਨਹੀਂ ਹੋਇਆ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਇਕੱਲਾ ਫਰੀਦਕੋਟ ਦਾ ਹਸਪਤਾਲ ਨਹੀਂ, ਸਗੋਂ ਇੱਥੇ ਫਿਰੋਜ਼ਪੁਰ, ਮੁਕਤਸਰ, ਮੋਗਾ, ਫਾਜ਼ਿਲਕਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਸਮੇਤ ਗੁਆਂਢੀ ਰਾਜਾਂ ਜਿਵੇਂ ਕਿ ਗੰਗਾਨਗਰ, ਹਨੂੰਮਾਨਗੜ ਅਤੇ ਹਰਿਆਣਾ ਦੇ ਸਿਰਸਾ, ਫਤਿਆਬਾਦ ਆਦਿ ਜਿਲਿਆਂ ਦੇ ਮਰੀਜ਼ ਵੀ ਇਲਾਜ ਕਰਵਾਉਣ ਲਈ ਆਉਂਦੇ ਹਨ। ਪਿਛਲੀ ਸਰਕਾਰ ਦੀ ਹਦਾਇਤ ’ਤੇ ਮੈਡੀਕਲ ਸੁਧਾਰ ਕਮੇਟੀ ਵੀ ਬਣਾਈ ਗਈ, ਉਸ ਕਮੇਟੀ ਦੇ ਮੈਂਬਰ ਹੋਣ ਨਾਤੇ ਹਰ ਮੁਸ਼ਕਿਲ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਧਿਆਨ ’ਚ ਲਿਆਂਦੀ, ਕਿਸੇ ਨੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ, ਮਰੀਜ਼ਾਂ ਅਤੇ ਮੈਡੀਕਲ ਸਟਾਫ ਦੀਆਂ ਮੁਸ਼ਕਿਲਾਂ ’ਚ ਵਾਧਾ ਹੋਇਆ ਹੈ। ਉਕਤ ਵਫਦ ਨੇ ਮੈਡੀਕਲ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਵੀ ਕੀਤੀ। ਉਹਨਾਂ ਦੱਸਿਆ ਕਿ ਇੱਥੇ ਸਾਰੇ ਆਧੁਨਿਕ ਢਾਂਚੇ ਦੀ ਜਰੂਰਤ ਹੈ, ਜਿਵੇਂ ਕੈਂਸਰ ਵਿਭਾਗ, ਰੇਡਿਓਲੋਜੀ ਵਿਭਾਗ, ਨਿਊਕਲੀਅਰ ਮੈਡੀਸਨ ਵਿਭਾਗ ਦੀਆਂ ਮਸ਼ੀਨਾਂ ਪੁਰਾਣੀ ਹੋ ਗਈਆਂ, ਜੋ ਵਾਰ-ਵਾਰ ਖਰਾਬ ਰਹਿੰਦੀਆਂ ਹਨ, ਮਰੀਜਾਂ ਤੋਂ ਇਲਾਵਾ ਡਾਕਟਰ ਅਤੇ ਟੈਕਨੀਸ਼ੀਅਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਓਪਰੇਸ਼ਨ ਥੀਏਟਰ ਮਸ਼ੀਨਾਂ ਦੀ ਘਾਟ, ਖਰਾਬ ਮਸ਼ੀਨਾਂ ਕਰਕੇ ਵੀ ਮਰੀਜਾਂ ਅਤੇ ਸਟਾਫ ਨੂੰ ਬਹੁਤ ਪ੍ਰੇਸ਼ਾਨੀ ਆਉਂਦੀ ਹੈ। ਉਹਨਾਂ ਦੱਸਿਆ ਕਿ ਟੈਸਟ ਲੈਬਾਰਟਰੀ, ਹਸਪਤਾਲ ਫਾਰਮੇਸੀ, ਐਮਰਜੈਂਸੀ ਵਿਭਾਗ, ਮੈਡੀਸਨ ਵਿਭਾਗ, ਜੱਚਾ ਬੱਚਾ ਵਿਭਾਗ, ਵੱਖ-ਵੱਖ ਵਾਰਡਾਂ ਦੀ ਮੌਜੂਦਾ ਸਥਿੱਤੀ, ਸੈਂਟਰਲ ਰਜਿਸਟ੍ਰੇਸ਼ਨ ਵਿਭਾਗ, ਜਰਨਲ ਐਡਮਿਨਿਸਟਰੇਸ਼ਨ, ਟਰੋਮਾ ਸੈਂਟਰ ਆਦਿ ਲਈ ਪੱਤਰ ਭੇਜ ਕੇ ਹਸਪਤਾਲ, ਯੂਨੀਵਰਸਿਟੀ ਅਤੇ ਕਾਲਜ ਦੇ ਸੁਧਾਰ ਲਈ ਤੁਰਤ ਐਕਸ਼ਨ ਲੈਣ ਦੀ ਅਪੀਲ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਗੁਰਦਿੱਤ ਸਿੰਘ ਸੇਖੋਂ ਐਮਐਲਏ ਫਰੀਦਕੋਟ, ਡਿਪਟੀ ਕਮਿਸ਼ਨਰ ਫਰੀਦਕੋਟ, ਸਿਵਲ ਸਰਜਨ ਫਰੀਦਕੋਟ ਆਦਿ ਵੀ ਸ਼ਾਮਲ ਸਨ। ਜਨਤਕ ਜਥੇਬੰਦੀਆਂ ਦੇ ਵਫਦ ‘ਚ ਲਾਲ ਸਿੰਘ ਗੋਲੇਵਾਲਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਰਾਂਤੀ ਕਾਰੀ, ਮਾਸਟਰ ਸੂਰਜ ਭਾਨ ਕਿਸਾਨ ਆਗੂ, ਰਾਜਵੀਰ ਸਿੰਘ ਸੰਧਵਾਂ ਜਿਲਾ ਆਗੂ ਕਿਸਾਨ ਯੂਨੀਅਨ ਕਾਦੀਆਂ, ਪ੍ਰੀਤ ਭਗਵਾਨ ਸਿੰਘ ਜਿਲਾ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ ਫਰੀਦਕੋਟ, ਜਤਿੰਦਰ ਕੁਮਾਰ ਸੂਬਾ ਸਕੱਤਰ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ, ਵੀਰਇੰਦਰਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਮੰਡੀ ਬੋਰਡ ਸਾਂਝੀ ਸੰਘਰਸ਼ ਕਮੇਟੀ ਪੰਜਾਬ, ਅਸ਼ੋਕ ਕੌਸ਼ਲ ਆਗੂ ਪੈਨਸ਼ਨਰ ਐਸੋਸੀਏਸ਼ਨ ਫਰੀਦਕੋਟ, ਬਿੱਟੂ ਗਿੱਲ, ਕਰਮਜੀਤ ਸਿੰਘ, ਮਨਪ੍ਰੀਤ ਸਿੰਘ ਧਾਲੀਵਾਲ, ਰੂਪ ਸਿੰਘ ਆਦਿ ਵੀ ਹਾਜਰ ਸਨ।