ਬਿਜਲੀ ਮਹਿਕਮਾ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ, ਤਾਰ ਉੱਚੀ ਕਰਨ ਦੀ 4 ਮਹੀਨਿਆਂ ਬਾਅਦ ਵੀ ਨਹੀਂ ਹੋਈ ਸੁਣਵਾਈ
ਸਾਦਿਕ, 9 ਅਪ੍ਰੈਲ- (ਤਾਜਪ੍ਰੀਤ ਸੋਨੀ) ਪਾਵਰਕਾਮ ਵੱਲੋਂ ਆਪਣੇ ਖਪਤਕਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੋਵੇ। ਛੋਟੇ ਜਿਹੇ ਕੰਮ ਲਈ 4-4 ਮਹੀਨੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇੱਕ ਤਾਰ ਨੂੰ ਉੱਚੀ ਚੁੱਕਣ ਲਈ ਹਰ ਉਪਰਾਲਾ ਕੀਤਾ ਗਿਆ ਪਰ ਕਿਸੇ ਅਧਿਕਾਰੀ ਨੇ ਮਸਲਾ ਹੱਲ ਨਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਚ.ਪੀ ਪਟਰੌਲ ਪੰਪ ਮਾਲਕ ਬਿੱਟੂ ਬਾਂਸਲ ਨੇ ਦੱਸਿਆ ਕਿ ਸੜਕ ਉੱਚੀ ਹੋਣ ਕਾਰਨ ਤਾਰਾਂ ਨੀਵੀਆਂ ਹੋ ਗਈਆਂ ਤੇ ਸਾਡੇ ਪੰਪ ਮੂਹਰੇ ਪਾਈ ਹੋਈ ਮੋਟੀ ਕੇਬਲ ਕਾਫੀ ਨੀਵੀਂ ਹੋ ਗਈ ਹੈ। ਅਸੀਂ 19 ਦਸੰਬਰ 2021 ਨੂੰ ਐਸ.ਡੀ.ਓ ਬਿਜਲੀ ਬੋਰਡ ਨੂੰ ਦਰਖਾਸਤ ਦਿੱਤੀ ਕਿ ਕੇਬਲ ਨੀਵੀਂ ਹੋਣ ਕਾਰਨ ਤੇਲ ਪਵਾਉਣ ਆਏ ਟਰੱਕ ਵਿੱਚ ਫਸ ਰਹੀ ਹੈ ਤੇ ਕਿਸੇ ਟਾਈਮ ਵੀ ਤਾਰ ਵਿੱਚ ਅੜ ਕੇ ਵੱਡਾ ਹਾਦਸਾ ਹੋ ਸਕਦਾ ਹੈ ਤੇ ਜ਼ਿਆਦਾ ਸਪਾਰਕ ਹੋਣ ਨਾਲ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਜਦ ਸਥਾਨਕ ਕਰਮਚਾਰੀਆਂ ਨੇ ਉੱਤਾ ਨਾ ਵਾਚਿਆ ਤਾਂ 1912 ਤੇ ਕੰਪਲੇਟ ਕੀਤੀ ਗਈ। ਮਾਰਚ 28 ਅਤੇ 30 ਨੂੰ 1912 ਤੇ ਫਿਰ ਕੰਪਲੇਂਟ ਪਾਈ ਗਈ। ਜਿਸ ਦਾ ਕੰਪਲੇਟ ਨੰ. 34860833 ਅਤੇ 34888907 ਹੈ। ਫਿਰ 30 ਮਾਰਚ 2022 ਨੂੰ ਐਕਸੀਐਨ ਮਨਦੀਪ ਸਿੰਘ ਸੰਧੂ ਨੂੰ ਵੀ ਮੈਸਿਜ ਪਾਇਆ ਗਿਆ। ਪਰ ਅੱਜ ਤੱਕ ਕਿਸੇ ਅਧਿਕਾਰੀ ਦੇ ਕੰਨ ‘ਤੇ ਜੂੰ ਨਾ ਸਰਕੀ। ਉਨਾਂ ਕਿਹਾ ਕਿ ਕੱਲ ਨੂੰ ਅਗਰ ਕੋਈ ਇਸ ਕੇਬਲ ਕਾਰਨ ਹਾਦਸਾ ਹੁੰਦਾ ਹੈ ਤਾਂ ਉਸ ਦਾ ਜਿੰਮੇਵਾਰ ਸਬੰਧਤ ਐਸ.ਡੀ.ਓ ਤੇ ਬਿਜਲੀ ਮਹਿਕਮਾ ਹੋਵੇਗਾ। ਉਨਾਂ ਮੰਗ ਕੀਤੀ ਕਿ ਪੰਪ ਮੂਹਰੇ ਤੋਂ ਕੇਬਲ ਤੁਰੰਤ ਉੱਚੀ ਕੀਤੀ ਜਾਵੇ।