ਚੰਡੀਗੜ, 1 ਜੂਨ – ( ਪੰਜਾਬ ਡਾਇਰੀ ) ਮਸ਼ਹੂਰ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ‘ਗੌਹਰ-ਏ-ਮਸਕੀਨ’ ਨੇ ਲਾਇਸੰਸੀ ਹਥਿਆਰ ਰੱਖਣ ਦੀ ਮੰਗ ਕੀਤੀ ਹੈ।
ਜਥੇਦਾਰ ਨੇ ਕਿਹਾ ਕਿ ਮੂਸੇਵਾਲਾ ਵੀ ਇੱਕ ਸੱਚਾ ਸਿੱਖ ਸੀ ਕਿਉਂਕਿ ਉਸ ਨੇ ਗਲੈਮਰ ਦੀ ਦੁਨੀਆ ਵਿੱਚ ਹੋਣ ਦੇ ਬਾਵਜੂਦ ਹਮੇਸ਼ਾ ਦਸਤਾਰ ਦਾ ਸਮਰਥਨ ਕੀਤਾ ਹੈ। ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਪੰਜਾਬ ਵਿੱਚ ਖ਼ੂਨ-ਖ਼ਰਾਬੇ ਦੇ ਦਿਨ ਮੁੜ ਆ ਸਕਦੇ ਹਨ ਅਤੇ ਇਸ ਲਈ ਉਨ੍ਹਾਂ ਨੇ “ਸਿਰਫ਼ ਸਿੱਖਾਂ ਨੂੰ ਹੀ ਨਹੀਂ, ਸਗੋਂ ਸਾਰੇ ਪੰਜਾਬੀਆਂ ਨੂੰ ਸਵੈ-ਰੱਖਿਆ ਲਈ ਹਥਿਆਰ ਚੁੱਕਣ ਦੀ ਅਪੀਲ ਕੀਤੀ”।
ਇਸ ਤੋਂ ਪਹਿਲਾਂ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸੋਮਵਾਰ ਨੂੰ ਕਿਹਾ ਸੀ ਕਿ ਹਰ ਸਿੱਖ ਕੋਲ ਲਾਇਸੈਂਸਸ਼ੁਦਾ ਆਧੁਨਿਕ ਹਥਿਆਰ ਹੋਣੇ ਚਾਹੀਦੇ ਹਨ ਕਿਉਂਕਿ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਆਲੋਚਨਾ ਕੀਤੀ ਹੈ। ਮਾਨ ਨੇ ਕਿਹਾ ਕਿ ਸਿੱਖ ਕੌਮ ਦੇ ਆਰਜ਼ੀ ਮੁਖੀ ਨੂੰ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣਾ ਚਾਹੀਦਾ ਹੈ।