ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਸਮੇਤ ਪੰਜ ਹੋਰਾਂ ਨੂੰ ਲਗਾਈ ਗਈ ਤਨਖਾਹ
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ, ਜਿੱਥੇ ਕਈ ਧਾਰਮਿਕ ਮੁੱਦਿਆਂ ‘ਤੇ ਚਰਚਾ ਹੋਈ।

ਸ੍ਰੀ ਅਮ੍ਰਿਤਸਰ ਸਾਹਿਬ- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ, ਜਿੱਥੇ ਕਈ ਧਾਰਮਿਕ ਮੁੱਦਿਆਂ ‘ਤੇ ਚਰਚਾ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕੁਝ ਵਿਅਕਤੀਆਂ ਨੇ ਪੇਸ਼ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਗਏ ਫੈਸਲਿਆਂ ਸਬੰਧੀ ਮੁਆਫ਼ੀ ਮੰਗੀ ਹੈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਪੰਜਾਬ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਸਮੇਤ ਪੰਜ ਹੋਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ।
ਇਹ ਵੀ ਪੜ੍ਹੋ- 500 ਕਰੋੜ ਰੁਪਏ ਦੇ “ਕੁਰਸੀ” ਵਾਲੇ ਬਿਆਨ ‘ਤੇ ਸਿਆਸਤ ਗਰਮ, ਡਾ. ਨਵਜੋਤ ਕੌਰ ਨੇ ਦਿੱਤਾ ਸਪੱਸ਼ਟੀਕਰਨ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਰਸਾ ਸਿੰਘ ਵਲਟੋਹਾ ਨੂੰ ਤਨਖਾਹ
ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫ਼ੀ ਮੰਗੀ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਵਲਟੋਹਾ ਨੂੰ ਧਾਰਮਿਕ ਸ਼ਖਸੀਅਤਾਂ ਬਾਰੇ ਕੋਈ ਵੀ ਬਿਆਨ ਨਾ ਦੇਣ ਦਾ ਸਪੱਸ਼ਟ ਹੁਕਮ ਜਾਰੀ ਕੀਤਾ। ਇਸ ਫੈਸਲੇ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਵਲਟੋਹਾ ਹੁਣ ਕਿਸੇ ਵੀ ਵਿਅਕਤੀ ਜਾਂ ਧਾਰਮਿਕ ਆਦਰਸ਼ ਬਾਰੇ ਅਪਮਾਨਜਨਕ ਟਿੱਪਣੀਆਂ ਨਹੀਂ ਕਰ ਸਕਣਗੇ। ਵਿਰਸਾ ਸਿੰਘ ਵਲਟੋਹਾ ਨੇ ਅਕਤੂਬਰ 2024 ਵਿੱਚ ਸੰਪਰਦਾ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿਰੁੱਧ ਬਿਆਨ ਦਿੱਤੇ ਸਨ।
ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਵਿਰਸਾ ਸਿੰਘ ਵਲਟੋਹਾ ਦੀ ਮੁਆਫ਼ੀ ਸਵੀਕਾਰ ਕਰ ਲਈ ਅਤੇ ਧਾਰਮਿਕ ਸਜ਼ਾ ਵਜੋਂ ਉਨ੍ਹਾਂ ਨੂੰ ਤਿੰਨ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਭਾਂਡੇ ਧੋਣ, ਇੱਕ ਘੰਟਾ ਸੰਗਤ ਦੇ ਜੋੜੇ ਝਾੜਨ ਅਤੇ 11 ਦਿਨਾਂ ਲਈ ਰੋਜ਼ਾਨਾ ਗੁਰਬਾਣੀ ਦਾ ਪਾਠ ਕਰਨ ਦਾ ਹੁਕਮ ਦਿੱਤਾ। ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ 1,100 ਰੁਪਏ ਦੇਗ ਅਤੇ 1,100 ਰੁਪਏ ਦਾਨ ਗੋਲਕ ਵਿੱਚ ਦਾ ਹੁਕਮ ਦਿੱਤਾ ਗਿਆ ਹੈ।
ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗੀ ਤਨਖਾਹ
ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਹਨ ਅਤੇ ਡੇਰਾ ਮੁਖੀ ਨੂੰ ਮੁਆਫ਼ ਕਰਨ ਲਈ ਸਮੁੱਚੀ ਕੌਮ ਤੋਂ ਮੁਆਫ਼ੀ ਮੰਗੀ ਹੈ। ਸਤੰਬਰ 2015 ਵਿੱਚ, ਸਾਬਕਾ ਜਥੇਦਾਰ ਜੀ ਗੁਰਬਚਨ ਸਿੰਘ ਨੇ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰ ਦਿੱਤਾ ਸੀ। ਗਿਆਨੀ ਗੁਰਬਚਨ ਸਿੰਘ ਨੂੰ ਵੀ ਧਾਰਮਿਕ ਸਜ਼ਾ ਦਿੱਤੀ ਗਈ ਹੈ। ਗਿਆਨੀ ਗੁਰਬਚਨ ਸਿੰਘ ਦੋ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ‘ਚ ਰੋਜ਼ਾਨਾ ਇੱਕ ਘੰਟਾ ਝੂਠੇ ਬਰਤਨ ਮਾਂਜਣ ਦੀ ਸੇਵਾ ਕਰਨਗੇ ਅਤੇ ਦੋ ਦਿਨ ਜਪਜੀ ਸਾਹਿਬ, ਆਸਾ ਕੀ ਵਾਰ ਅਤੇ ਪਾਤਸ਼ਾਹੀ ਦਸਵੀਂ ਦਾ ਜਾਪ ਕਰਨਗੇ। ਉਨ੍ਹਾਂ ਨੂੰ 1100 ਦੀ ਦੇਗ ਕਰਵਾ ਕੇ ਭੁੱਲ ਬਖਸ਼ਾਉਣ ਦੀ ਅਰਦਾਸ ਕਰਨਗੇ।
GNDU ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨੂੰ ਲਗਾਈ ਤਨਖਾਹ
ਸ੍ਰੀ ਅਕਾਲ ਤਖਤ ਸਾਹਿਬ ਨੇ GNDU ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨੂੰ ਤਨਖਾਹ ਲਗਾਈ ਹੈ। GNDU ਦੇ ਵਾਈਸ ਚਾਂਸਲਰ ਕਰਮਜੀਤ ਸਿੰਘ 2 ਦਿਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ’ਚ ਸੇਵਾ ਕਰਨਗੇ ਅਤੇ ਜੂਠੇ ਭਾਂਡੇ ਮਾਂਜਣ ਤੇ ਜੋੜੇ ਸਾਫ ਕਰਨ ਦੀ ਸਜ਼ਾ ਲਗਾਈ ਗਈ। 5 ਦਿਨ ਰੋਜ਼ਾਨਾ ਨਿਤਨੇਮ ਅਤੇ ਆਸਾ ਕੀ ਵਾਰ ਦਾ ਪਾਠ ਕਰਨ ਦੇ ਵੀ ਆਦੇਸ਼ ਦਿੱਤੇ ਗਏ। ਭਾਈ ਕਾਨ੍ਹ ਸਿੰਘ ਨਾਭਾ ਦੀ ਕਿਤਾਬ ‘ਹਮ ਹਿੰਦੂ ਨਹੀਂ’ ਪੜ੍ਹਨ ਤੇ ਕਿਤਾਬ ਦੀਆਂ 500 ਕਾਪੀਆਂ ਵੰਡਣ ਦੇ ਵੀ ਆਦੇਸ਼ ਦਿੱਤੇ ਗਏ ਹਨ।
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਗਾਈ ਗਈ ਤਨਖਾਹ
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਗਾਈ ਗਈ ਹੈ। ਜਸਵੰਤ ਸਿੰਘ ਜ਼ਫਰ ਨੂੰ ਆਪਣੀਆਂ ਲਿਖਤਾਂ ‘ਚ ਗੁਰੂ ਸਾਹਿਬ ਦੇ ਅਦਬ ਸਤਿਕਾਰ ਦਾ ਧਿਆਨ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ। ਜਸਵੰਤ ਸਿੰਘ ਜ਼ਫਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ‘ਚ 2 ਦਿਨ ਇੱਕ -ਇੱਕ ਘੰਟਾ ਬਰਤਨ ਮਾਂਝਣ ਅਤੇ ਜੋੜੇ ਝਾੜਨ ਦੀ ਸੇਵਾ ਅਤੇ 4 ਦਿਨ ਜਾਪ ਕਰਨਗੇ। ਜਸਵੰਤ ਸਿੰਘ ਜ਼ਫਰ ਨੂੰ ਪ੍ਰਿੰਸੀਪਲ ਸਤਬੀਰ ਸਿੰਘ ਦੀ ਕਿਤਾਬ ਦੀਆਂ 100 ਕਾਪੀਆਂ ਵੰਡਣ ਦਾ ਆਦੇਸ਼ ਦਿੱਤਾ ਗਿਆ ਹੈ।
ਯੂਕੇ ਦੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੂੰ ਵੀ ਲਗਾਈ ਗਈ ਤਨਖਾਹ
ਯੂ.ਕੇ. ਦੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੇ ਵੀ ਆਪਣੀ ਭੁੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੁਆਫ਼ੀ ਮੰਗੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਚਾਰਕ ਹਰਿੰਦਰ ਸਿੰਘ ਨੂੰ ਤਨਖਾਹ ਲਗਾਈ ਗਈ ਹੈ। ਸਿੱਖ ਪ੍ਰਚਾਰਕ ਹਰਿੰਦਰ ਸਿੰਘ ਦੇ ਪ੍ਰਚਾਰ ਕਰਨ ‘ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਸਿੱਖ ਪ੍ਰਚਾਰਕ ਹਰਿੰਦਰ ਸਿੰਘ 2 ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ‘ਚ ਰੋਜ਼ਾਨਾ ਇਕ ਘੰਟਾ ਝੂਠੇ ਬਰਤਨ ਮਾਂਝਣਗੇ ਅਤੇ 2 ਦਿਨ ਜਾਪ ਕਰਨਗੇ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


