ਬੰਦੀ ਛੋੜ ਦਿਵਸ ਹੱਕ, ਸੱਚ ਅਤੇ ਨਿਆਂ ਦੀ ਉਮੀਦ ਦਾ ਤਿਉਹਾਰ… ਉਹ ਦਿਨ ਜਦੋਂ ਸੱਚੇ ਗੁਰੂ ਨੇ 52 ਰਾਜਿਆਂ ਨੂੰ ਆਜ਼ਾਦ ਕਰਵਾਇਆ
ਸਮੇਂ ਦੀਆਂ ਹਕੂਮਤਾਂ ਅਕਸਰ ਮਨੁੱਖੀ ਅਧਿਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਗੁਰੂ ਸਾਹਿਬਾਨ ਦੇ ਸਮੇਂ ਵੀ ਹਕੂਮਤਾਂ ਦਾ ਜ਼ਬਰ ਆਪਣੇ ਸਿਖਰ ‘ਤੇ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੱਕ-ਸੱਚ ਦੀ ਰਾਹ ‘ਤੇ ਤੁਰਦਿਆਂ ਆਪਣੀ ਸ਼ਹਾਦਤ ਦੇ ਦਿੱਤੀ।

ਚੰਡੀਗੜ੍ਹ- ਦੇਸ਼ ਦੁਨੀਆਂ ਵਿੱਚ ਜਿੱਥੇ ਅੱਜ ਲੋਕ ਦੀਵਾਲੀ ਦਾ ਤਿਉਹਾਰ ਮਨਾ ਰਹੇ ਹਨ ਤਾਂ ਉੱਥੇ ਹੀ ਭਲਕੇ ਸਿੱਖਾਂ ਦਾ ਇੱਕ ਅਹਿਮ ਤਿਉਹਾਰ ਬੰਦੀਛੋੜ ਦਿਵਸ ਮਨਾਇਆ ਜਾਵੇਗਾ। ਸਿੱਖ ਕੌਮ ਦੇ ਨਿਰਾਲੇ ਤੇ ਮਹਾਨ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਹਰ ਸਾਲ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਹ ਇਤਿਹਾਸਕ ਦਿਹਾੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੰਬੰਧਤ ਹੈ। ਜਦੋਂ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਘਰ ਵਾਪਸ ਪਰਤੇ ਸਨ, ਜਿਸ ਦੀ ਖੁਸ਼ੀ ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਸੰਗਤਾਂ ਨੇ ਘਿਉ ਦੇ ਦੀਵੇ ਬਾਲ ਕੇ ਖੁਸ਼ੀ ਮਨਾਈ। ਇਹ ਪ੍ਰੰਪਰਾ ਅੱਜ ਤੱਕ ਨਿਭਾਈ ਜਾਂਦੀ ਆ ਰਹੀ ਹੈ।
ਬੰਦੀ ਛੋੜ ਦਿਵਸ ਮੌਕੇ, ਦੇਸ਼ ਤੇ ਵਿਦੇਸ਼ ਤੋਂ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਭਰਦੀਆਂ ਹਨ ਅਤੇ ਗੁਰੂ ਸਾਹਿਬ ਦੀ ਸ਼ਖਸੀਅਤ ਤੋਂ ਪ੍ਰੇਰਣਾ ਲੈਂਦੀਆਂ ਹਨ। ਇਹ ਸਿਰਫ ਇੱਕ ਤਿਉਹਾਰ ਨਹੀਂ ਸਗੋਂ ਅਜ਼ਾਦੀ, ਹੱਕ, ਸੱਚ ਅਤੇ ਇਨਸਾਫ ਦੀ ਵੀ ਉੱਚੀ ਮਿਸਾਲ ਹੈ, ਜੋ ਸੰਸਾਰ ਵਿਚ ਕਿਤੇ ਹੋਰ ਨਹੀਂ ਮਿਲਦੀ।
ਜ਼ਬਰ ਦੇ ਖਿਲਾਫ਼ ਅਵਾਜ਼
ਸਮੇਂ ਦੀਆਂ ਹਕੂਮਤਾਂ ਅਕਸਰ ਮਨੁੱਖੀ ਅਧਿਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਗੁਰੂ ਸਾਹਿਬਾਨ ਦੇ ਸਮੇਂ ਵੀ ਹਕੂਮਤਾਂ ਦਾ ਜ਼ਬਰ ਆਪਣੇ ਸਿਖਰ ‘ਤੇ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੱਕ-ਸੱਚ ਦੀ ਰਾਹ ‘ਤੇ ਤੁਰਦਿਆਂ ਆਪਣੀ ਸ਼ਹਾਦਤ ਦੇ ਦਿੱਤੀ। ਇਸ ਉਪਰੰਤ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਲਈ ਪ੍ਰੇਰਿਆ, ਘੋੜ ਸਵਾਰੀ ਤੇ ਯੁੱਧ ਕਲਾ ਵਿੱਚ ਨਿਪੁੰਨਤਾ ਦੀ ਲੋੜ ਨੂੰ ਰੇਖਾਂਕਿਤ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਆਜ਼ਾਦੀ ਅਤੇ ਸਿਆਸੀ ਸੱਤਾ ਦੀ ਲੋੜ ਨੂੰ ਸਮਝਾਇਆ। ਜਿਸ ਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਕਿਹਾ ਜਾਂਦਾ ਹੈ।
52 ਰਾਜਿਆਂ ਦੀ ਰਿਹਾਈ
ਗੁਰੂ ਸਾਹਿਬ ਦੀ ਵਧ ਰਹੀ ਪ੍ਰਸਿੱਧੀ ਤੇ ਆਤਮਕ ਤੇ ਸਿਆਸੀ ਪ੍ਰਭਾਵ, ਹਕੂਮਤ ਲਈ ਚੁਣੌਤੀ ਬਣ ਗਏ। ਦੋਖੀਆਂ ਨੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ, ਜਿਸ ਕਾਰਨ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਗਿਆ। ਉੱਥੇ ਪਹਿਲਾਂ ਹੀ 52 ਰਾਜੇ ਕੈਦ ਸਨ, ਜੋ ਆਜ਼ਾਦੀ ਦੀ ਉਮੀਦ ਛੱਡ ਚੁੱਕੇ ਸਨ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਸਾਰੀ ਉਮਰ ਹੀ ਇਸ ਕੈਦ ਵਿੱਚ ਰਹਿਣਗੇ ਪਰ ਗੁਰੂ ਸਾਹਿਬ ਦੀ ਸੰਗਤ ਅਤੇ ਉਨ੍ਹਾਂ ਦੀ ਬੁਲੰਦ ਆਤਮਿਕਤਾ ਨੇ ਇਨ੍ਹਾਂ ਰਾਜਿਆਂ ਨੂੰ ਆਸ ਤੇ ਹੌਸਲੇ ਨਾਲ ਭਰ ਦਿੱਤਾ।
ਸਿੱਖ ਸੰਗਤਾਂ ਦੇ ਵਧ ਰਹੇ ਦਬਾਅ ਤੇ ਰੋਸ ਦੇ ਚਲਦਿਆਂ ਆਖਿਰਕਾਰ ਹਕੂਮਤ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ। ਗੁਰੂ ਸਾਹਿਬ ਨੇ ਸਿਰਫ਼ ਆਪਣੀ ਨਹੀਂ, ਸਗੋਂ ਸਾਰੇ ਰਾਜਿਆਂ ਦੀ ਰਿਹਾਈ ਦੀ ਮੰਗ ਕੀਤੀ। ਜਦ ਰਾਜਿਆਂ ਦੀ ਰਿਹਾਈ ਲਈ ਇਹ ਸ਼ਰਤ ਲਗਾਈ ਗਈ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚੋਲੇ ਦੀ ਕਲੀ ਨੂੰ ਫੜਿਆ ਹੋਇਆ, ਸਿਰਫ ਉਹੀ ਜਾ ਸਕਦੇ ਹਨ, ਤਾਂ ਗੁਰੂ ਸਾਹਿਬ ਨੇ ਵਿਸ਼ੇਸ਼ ਚੋਲਾ ਤਿਆਰ ਕਰਵਾਇਆ ਜਿਸ ਨਾਲ ਸਾਰੇ ਰਾਜੇ ਗੁਰੂ ਸਾਹਿਬ ਦੇ ਨਾਲ ਕਿਲ੍ਹੇ ਤੋਂ ਬਾਹਰ ਆ ਗਏ। ਇਉਂ ਗੁਰੂ ਸਾਹਿਬ ਨੇ ਨਾ ਸਿਰਫ ਅਜਿਹੀ ਕੂਟਨੀਤਿਕ ਚਾਲ ਨਾਲ ਹਕੂਮਤ ਨੂੰ ਝੁਕਾਇਆ, ਸਗੋਂ ਆਜ਼ਾਦੀ ਦਾ ਸੁਨੇਹਾ ਵੀ ਦਿੱਤਾ।
ਬੰਦੀ ਛੋੜ ਦਿਹਾੜਾ ਸਿਰਫ਼ ਇੱਕ ਇਤਿਹਾਸਕ ਘਟਨਾ ਨਹੀਂ, ਇਹ ਮਨੁੱਖੀ ਅਧਿਕਾਰਾਂ ਦੀ ਰਾਖੀ, ਆਜ਼ਾਦੀ ਦੀ ਮੰਗ, ਅਤੇ ਇਨਸਾਫ ਦੀ ਲੜਾਈ ਦੀ ਮਿਸਾਲ ਹੈ। ਸਿੱਖ ਕੌਮ ਨੇ ਹਮੇਸ਼ਾ ਸਮਾਜਿਕ ਕੁਰੀਤੀਆਂ, ਅਣਨਿਆਂ ਅਤੇ ਹਕੂਮਤਾਂ ਦੇ ਜ਼ਬਰ ਖਿਲਾਫ਼ ਅਵਾਜ਼ ਬੁਲੰਦ ਕੀਤੀ। ਸੰਘਰਸ਼ਾਂ ਭਰੇ ਸਮਿਆਂ ਵਿਚ ਵੀ ਸਿੱਖ ਕਦੇ ਡਿੱਗੇ ਨਹੀਂ, ਕਦੇ ਥਕੇ ਨਹੀਂ। ਅੱਜ ਵੀ ਸਿੱਖ ਉਸੀ ਸੰਘਰਸ਼ੀ ਰਾਹ ਤੇ ਚੱਲ ਰਹੇ ਹਨ। ਗੁਰੂ ਦੇ ਸਿੱਖ ਅੱਜ ਵੀ ਆਪਣੇ ਗੁਰੂ ਦੇ ਦਿਖਾਏ ਰਾਹ ਉੱਪਰ ਚੱਲ ਰਹੇ ਹਨ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


