Monday, November 23, 2026
Google search engine
Homeਤਾਜ਼ਾ ਖਬਰਅਜਨਾਲਾ ਹਮਲਾ ਮਾਮਲੇ ’ਚ ਪੰਜਾਬ ਸਰਕਾਰ ਦੀ ਪਟੀਸ਼ਨ ’ਤੇ ਹਾਈਕੋਰਟ ਦੀ ਸਖ਼ਤੀ,...

ਅਜਨਾਲਾ ਹਮਲਾ ਮਾਮਲੇ ’ਚ ਪੰਜਾਬ ਸਰਕਾਰ ਦੀ ਪਟੀਸ਼ਨ ’ਤੇ ਹਾਈਕੋਰਟ ਦੀ ਸਖ਼ਤੀ, ਦੇਰੀ ਦਾ ਕਾਰਨ ਪੁੱਛਦਿਆਂ ਲਾਈ ਫਟਕਾਰ

ਅਜਨਾਲਾ ਹਮਲਾ ਮਾਮਲੇ ’ਚ ਪੰਜਾਬ ਸਰਕਾਰ ਦੀ ਪਟੀਸ਼ਨ ’ਤੇ ਹਾਈਕੋਰਟ ਦੀ ਸਖ਼ਤੀ, ਦੇਰੀ ਦਾ ਕਾਰਨ ਪੁੱਛਦਿਆਂ ਲਾਈ ਫਟਕਾਰ

18 ਅਗਸਤ ਦੇ ਹੁਕਮ ਨੂੰ ਚੁਣੌਤੀ ਦੇਣ ਲਈ ਨਵੰਬਰ ’ਚ ਪਹੁੰਚੀ ਸੀ ਸਰਕਾਰ; ਜੁਰਮਾਨੇ ਦੀ ਚਿਤਾਵਨੀ ਮਿਲਣ ’ਤੇ ਬਿਨਾਂ ਸ਼ਰਤ ਮਾਫ਼ੀ ਮੰਗ ਕੇ ਪਟੀਸ਼ਨ ਲਈ ਵਾਪਸ

ਚੰਡੀਗੜ੍ਹ- ਅਜਨਾਲਾ ਪੁਲਿਸ ਥਾਣੇ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਹਨ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਸਮੇਤ ਦਰਜਨਾਂ ਮੁਲਜ਼ਮਾਂ ਖ਼ਿਲਾਫ਼ ਚੱਲ ਰਹੇ ਮੁਕੱਦਮੇ ਦੌਰਾਨ ਟਰਾਇਲ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਿੱਚ ਹੋਈ ਦੇਰੀ ’ਤੇ ਅਦਾਲਤ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ।

ਹਾਈਕੋਰਟ ਨੇ ਸੁਣਵਾਈ ਦੌਰਾਨ ਟਿੱਪਣੀ ਕੀਤੀ ਕਿ ਪਹਿਲੀ ਨਜ਼ਰੇ ਅਜਿਹਾ ਜਾਪਦਾ ਹੈ ਕਿ ਪੰਜਾਬ ਸਰਕਾਰ ਇਸ ਕੇਸ ਦੀ ਸੁਣਵਾਈ ਨੂੰ ਲੰਮਾ ਖਿੱਚਣਾ ਚਾਹੁੰਦੀ ਹੈ। ਅਦਾਲਤ ਮੁਤਾਬਕ ਇਹ ਬੇਹੱਦ ਗੰਭੀਰ ਅਤੇ ਮਹੱਤਵਪੂਰਨ ਮਾਮਲਾ ਹੈ, ਪਰ ਸਰਕਾਰ ਵੱਲੋਂ ਇਸ ਪ੍ਰਤੀ ਉਮੀਦ ਮੁਤਾਬਕ ਗੰਭੀਰਤਾ ਨਹੀਂ ਦਿਖਾਈ ਗਈ।

ਤਿੰਨ ਮਹੀਨੇ ਬਾਅਦ ਅਦਾਲਤ ਪਹੁੰਚੀ ਸਰਕਾਰ

ਟਰਾਇਲ ਕੋਰਟ ਨੇ ਇਸ ਮਾਮਲੇ ਵਿੱਚ 18 ਅਗਸਤ ਨੂੰ ਹੁਕਮ ਜਾਰੀ ਕੀਤਾ ਸੀ। ਪੰਜਾਬ ਸਰਕਾਰ ਨੇ ਇਸ ਨੂੰ ਚੁਣੌਤੀ ਦੇਣ ਲਈ ਨਵੰਬਰ ਵਿੱਚ ਹਾਈਕੋਰਟ ਦਾ ਰੁਖ਼ ਕੀਤਾ। ਲਗਭਗ ਤਿੰਨ ਮਹੀਨਿਆਂ ਦੀ ਦੇਰੀ ’ਤੇ ਅਦਾਲਤ ਨੇ ਸਵਾਲ ਕੀਤਾ ਕਿ ਸਰਕਾਰ ਇੰਨਾ ਸਮਾਂ ਕੀ ਕਰਦੀ ਰਹੀ? ਜਦੋਂ ਮਾਮਲਾ ਇੰਨਾ ਸੰਵੇਦਨਸ਼ੀਲ ਹੈ ਤਾਂ ਹੁਕਮ ਨੂੰ ਸਮੇਂ ਸਿਰ ਚੁਣੌਤੀ ਕਿਉਂ ਨਹੀਂ ਦਿੱਤੀ ਗਈ?

ਸਰਕਾਰ ਨੇ ਟਰਾਇਲ ਦੀ ਸਮਾਂ-ਸੀਮਾ ਦਾ ਦਿੱਤਾ ਹਵਾਲਾ

ਸੁਣਵਾਈ ਦੌਰਾਨ ਸਰਕਾਰ ਵੱਲੋਂ ਦਲੀਲ ਦਿੱਤੀ ਗਈ ਕਿ ਮਾਮਲੇ ਦਾ ਟਰਾਇਲ 31 ਦਸੰਬਰ ਤੱਕ ਪੂਰਾ ਕਰਨ ਲਈ ਪਹਿਲਾਂ ਹੀ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਲਈ ਉਸ ਦੀ ਪਟੀਸ਼ਨ ’ਤੇ ਸੁਣਵਾਈ ਦੀ ਇਜਾਜ਼ਤ ਦਿੱਤੀ ਜਾਵੇ। ਸਰਕਾਰ ਨੇ ਇਹ ਸੁਝਾਅ ਵੀ ਦਿੱਤਾ ਕਿ ਪਟੀਸ਼ਨ ਨੂੰ ਉਸੇ ਬੈਂਚ ਕੋਲ ਭੇਜਿਆ ਜਾਵੇ, ਜਿਸ ਨੇ ਪਹਿਲਾਂ ਟਰਾਇਲ 31 ਦਸੰਬਰ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਸਨ।

ਭਾਰੀ ਜੁਰਮਾਨੇ ਦੀ ਚਿਤਾਵਨੀ ਮਿਲਣ ’ਤੇ ਵਾਪਸ ਲਈ ਅਰਜ਼ੀ

ਸਰਕਾਰ ਦੀਆਂ ਦਲੀਲਾਂ ਤੋਂ ਬਾਅਦ ਹਾਈਕੋਰਟ ਨੇ ਸਖ਼ਤ ਰੁਖ਼ ਅਪਣਾਇਆ। ਅਦਾਲਤ ਨੇ ਪਟੀਸ਼ਨ ਖਾਰਜ ਕਰਨ ਦੇ ਨਾਲ ਸਰਕਾਰ ’ਤੇ ਭਾਰੀ ਜੁਰਮਾਨਾ ਲਗਾਉਣ ਦੀ ਚਿਤਾਵਨੀ ਵੀ ਦਿੱਤੀ। ਇਸ ਮਗਰੋਂ ਸਰਕਾਰ ਨੇ ਬਿਨਾਂ ਸ਼ਰਤ ਮਾਫ਼ੀ ਮੰਗਦਿਆਂ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਮੰਗੀ।

ਹਾਈਕੋਰਟ ਨੇ ਸਰਕਾਰ ਦੀ ਬੇਨਤੀ ਮੰਨ ਲਈ ਅਤੇ ਬਿਨਾਂ ਕੋਈ ਉਲਟ ਹੁਕਮ ਜਾਰੀ ਕੀਤੇ ਪਟੀਸ਼ਨ ਵਾਪਸ ਲੈਣ ਦੀ ਛੋਟ ਦੇ ਦਿੱਤੀ। ਇਸ ਤੋਂ ਬਾਅਦ ਸਰਕਾਰ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਅਤੇ ਅਦਾਲਤ ਨੇ ਇਸ ਨੂੰ ਵਾਪਸ ਲਏ ਜਾਣ ਦੇ ਆਧਾਰ ’ਤੇ ਖਾਰਜ ਕਰ ਦਿੱਤਾ।

CDR ਰਿਕਾਰਡ ਪਹਿਲਾਂ ਹੀ ਅਦਾਲਤ ਵਿੱਚ ਜਮ੍ਹਾਂ

ਇਸ ਮਾਮਲੇ ਵਿੱਚ ਕਾਲ ਡਿਟੇਲ ਰਿਕਾਰਡ (CDR) ਪਹਿਲਾਂ ਹੀ ਟਰਾਇਲ ਕੋਰਟ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ। ਹੁਣ ਸਿਰਫ਼ ਭਾਰਤੀ ਏਅਰਟੈੱਲ ਲਿਮਟਿਡ ਅਤੇ ਰਿਲਾਇੰਸ ਇਨਫੋਕਾਮ ਲਿਮਟਿਡ ਦੇ ਨੋਡਲ ਅਧਿਕਾਰੀਆਂ ਨੂੰ ਰਿਕਾਰਡ ਦੀ ਪੁਸ਼ਟੀ ਕਰਨ ਲਈ ਅਦਾਲਤ ਵਿੱਚ ਬੁਲਾਇਆ ਜਾਣਾ ਬਾਕੀ ਸੀ।

ਅਜਿਹੇ ਵਿੱਚ ਸਰਕਾਰ ਵੱਲੋਂ ਟਰਾਇਲ ਕੋਰਟ ਦੇ ਹੁਕਮ ਨੂੰ ਦੇਰੀ ਨਾਲ ਚੁਣੌਤੀ ਦੇਣ ’ਤੇ ਹਾਈਕੋਰਟ ਦੀ ਨਾਰਾਜ਼ਗੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਅਦਾਲਤ ਦੀਆਂ ਟਿੱਪਣੀਆਂ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਅਜਨਾਲਾ ਥਾਣਾ ਹਮਲਾ ਮਾਮਲੇ ਵਿੱਚ ਮੁਕੱਦਮੇ ਦੀ ਸਮਾਂਬੱਧ ਸੁਣਵਾਈ ਨੂੰ ਲੈ ਕੇ ਹਾਈਕੋਰਟ ਗੰਭੀਰ ਹੈ।

-(ਪੰਜਾਬੀ ਜਾਗਰਣ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments