ਜਲੰਧਰ ਦੇ ਸਿਆਸੀ ਦਿੱਗਜ ਭਗਤ ਚੁੰਨੀ ਲਾਲ ਨਹੀਂ ਰਹੇ, 93 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ; ਜਾਣੋ ਸਿਆਸੀ ਸਫ਼ਰ
ਭਗਤ ਚੁੰਨੀ ਲਾਲ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸਿਆਸੀ ਅਤੇ ਸਮਾਜਿਕ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਸ਼ਾਮ ਕਰੀਬ 5 ਵਜੇ ਬਸਤੀ ਸ਼ੇਖ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ

ਜਲੰਧਰ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜਲੰਧਰ ਦੀ ਸਿਆਸਤ ਦੇ ਪ੍ਰਮੁੱਖ ਚਿਹਰੇ ਭਗਤ ਚੁੰਨੀ ਲਾਲ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਨੇ 93 ਸਾਲ ਦੀ ਉਮਰ ਵਿੱਚ ਜਲੰਧਰ ਦੇ ਬਸਤੀ ਇਲਾਕੇ ਵਿੱਚ ਸਥਿਤ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਿਆ। ਉਹ ਪੰਜਾਬ ਸਰਕਾਰ ਵਿੱਚ ਮੰਤਰੀ ਰਹੇ ਮੋਹਿੰਦਰ ਭਗਤ ਦੇ ਪਿਤਾ ਸਨ।
ਭਗਤ ਚੁੰਨੀ ਲਾਲ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸਿਆਸੀ ਅਤੇ ਸਮਾਜਿਕ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਸ਼ਾਮ ਕਰੀਬ 5 ਵਜੇ ਬਸਤੀ ਸ਼ੇਖ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਸਨਮਾਨ ਵਿੱਚ ਪੰਜਾਬ ਸਰਕਾਰ ਵੱਲੋਂ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।
ਸਿਆਲਕੋਟ ਤੋਂ ਜਲੰਧਰ ਤੱਕ ਦਾ ਸਫ਼ਰ
ਭਗਤ ਚੁੰਨੀ ਲਾਲ ਦਾ ਜਨਮ 1 ਦਸੰਬਰ 1932 ਨੂੰ ਸਿਆਲਕੋਟ ਵਿੱਚ ਹੋਇਆ ਸੀ, ਜੋ ਹੁਣ ਪਾਕਿਸਤਾਨ ਦਾ ਹਿੱਸਾ ਹੈ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਲੰਧਰ ਆ ਕੇ ਵੱਸ ਗਿਆ। ਉਨ੍ਹਾਂ ਨੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਸਪੋਰਟਸ ਗੁਡਜ਼ ਦੇ ਨਿਰਯਾਤ ਨਾਲ ਜੁੜਿਆ ਕਾਰੋਬਾਰ ਵੀ ਕੀਤਾ।
ਉਨ੍ਹਾਂ ਦੇ ਪਰਿਵਾਰ ਵਿੱਚ ਚਾਰ ਪੁੱਤਰ ਅਤੇ ਚਾਰ ਧੀਆਂ ਹਨ। ਲੰਬੇ ਸਮੇਂ ਤੱਕ ਉਹ ਜਲੰਧਰ ਦੀ ਸਿਆਸਤ ਵਿੱਚ ਸਰਗਰਮ ਰਹੇ ਅਤੇ ਖ਼ਾਸ ਤੌਰ ’ਤੇ ਜਲੰਧਰ ਦੱਖਣੀ ਅਤੇ ਬਾਅਦ ਵਿੱਚ ਜਲੰਧਰ ਪੱਛਮੀ ਹਲਕੇ ਵਿੱਚ ਉਨ੍ਹਾਂ ਦੀ ਮਜ਼ਬੂਤ ਪਛਾਣ ਰਹੀ।
1985 ਤੋਂ ਸ਼ੁਰੂ ਹੋਇਆ ਸਿਆਸੀ ਸਫ਼ਰ
ਭਗਤ ਚੁੰਨੀ ਲਾਲ ਨੇ 1985 ਵਿੱਚ ਆਜ਼ਾਦ ਉਮੀਦਵਾਰ ਵਜੋਂ ਜਲੰਧਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਆਪਣੀ ਪਹਿਲੀ ਚੋਣ ਲੜੀ ਸੀ। ਹਾਲਾਂਕਿ ਉਸ ਸਮੇਂ ਉਨ੍ਹਾਂ ਨੂੰ ਜਿੱਤ ਹਾਸਲ ਨਹੀਂ ਹੋ ਸਕੀ। ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜ ਗਏ।
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਦੀ ਟਿਕਟ ’ਤੇ ਜਲੰਧਰ ਦੱਖਣੀ ਹਲਕੇ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਨ ਸਭਾ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ 2007 ਵਿੱਚ ਵੀ ਉਹ ਇਸੇ ਹਲਕੇ ਤੋਂ ਵਿਧਾਇਕ ਚੁਣੇ ਗਏ।
ਹਲਕਿਆਂ ਦੀ ਹੱਦਬੰਦੀ ਤੋਂ ਬਾਅਦ ਜਲੰਧਰ ਦੱਖਣੀ ਹਲਕੇ ਦਾ ਨਾਮ ਬਦਲ ਕੇ ਜਲੰਧਰ ਪੱਛਮੀ ਕਰ ਦਿੱਤਾ ਗਿਆ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਗਤ ਚੁੰਨੀ ਲਾਲ ਨੇ ਜਲੰਧਰ ਪੱਛਮੀ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਅਤੇ ਮੁੜ ਜਿੱਤ ਦਰਜ ਕੀਤੀ।
ਡਿਪਟੀ ਸਪੀਕਰ ਤੋਂ ਕੈਬਨਿਟ ਮੰਤਰੀ ਤੱਕ
ਭਗਤ ਚੁੰਨੀ ਲਾਲ ਨੇ ਆਪਣੇ ਸਿਆਸੀ ਜੀਵਨ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਸੰਭਾਲੀਆਂ। ਸਾਲ 2011 ਵਿੱਚ ਸਤਪਾਲ ਗੋਸਾਈਂ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ ਗਿਆ।
2012 ਤੋਂ 2017 ਤੱਕ ਉਹ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਕੋਲ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਤੇ ਖੋਜ, ਕਿਰਤ, ਜੰਗਲਾਤ ਅਤੇ ਜੰਗਲੀ ਜੀਵ ਸਮੇਤ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਰਹੀ।
ਇਸੇ ਦੌਰਾਨ ਉਹ 2012 ਤੋਂ 2017 ਤੱਕ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਵਿਧਾਇਕ ਦਲ ਦੇ ਆਗੂ ਦੀ ਭੂਮਿਕਾ ਵਿੱਚ ਵੀ ਰਹੇ।
2017 ਵਿੱਚ ਸਰਗਰਮ ਸਿਆਸਤ ਤੋਂ ਬਣਾਈ ਦੂਰੀ
ਲੰਬੇ ਸਿਆਸੀ ਸਫ਼ਰ ਤੋਂ ਬਾਅਦ ਭਗਤ ਚੁੰਨੀ ਲਾਲ ਨੇ 2017 ਵਿੱਚ ਵਿਧਾਨ ਸਭਾ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਅਤੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲਿਆ।
ਉਨ੍ਹਾਂ ਦੇ ਦੇਹਾਂਤ ਨਾਲ ਜਲੰਧਰ ਨੇ ਇੱਕ ਅਜਿਹੇ ਸਿਆਸੀ ਆਗੂ ਨੂੰ ਗੁਆ ਦਿੱਤਾ ਹੈ, ਜਿਸ ਨੇ ਕਈ ਦਹਾਕਿਆਂ ਤੱਕ ਸੂਬੇ ਦੀ ਸਿਆਸਤ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਚਲਾਣੇ ਨਾਲ ਪਰਿਵਾਰ, ਸਮਰਥਕਾਂ ਅਤੇ ਸਿਆਸੀ ਹਲਕਿਆਂ ਵਿੱਚ ਸੋਗ ਦਾ ਮਾਹੌਲ ਹੈ।
-(ਟੀਵੀ 9 ਪੰਜਾਬੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


