ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਮਿਲੀ ਹਰੀ ਝੰਡੀ, PM ਮੋਦੀ ਨੇ ਜੀਂਦ ਤੋਂ ਕੀਤਾ ਰਵਾਨਾ

ਜੀਂਦ
ਭਾਰਤ ਨੇ ਰੇਲਵੇ ਇਤਿਹਾਸ ਵਿੱਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕਰ ਲਈ ਹੈ। ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਨਾਲ ਚੱਲਣ ਵਾਲੀ ਟ੍ਰੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਜੀਂਦ ਅਤੇ ਸੋਨੀਪਤ ਵਿਚਕਾਰ ਸੇਵਾ ਦੇਵੇਗੀ। ਇਸ ਨਾਲ ਭਾਰਤ ਉਨ੍ਹਾਂ ਗਿਣਤੀ ਦੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਕੋਲ ਹਾਈਡ੍ਰੋਜਨ ਤਕਨਾਲੋਜੀ ‘ਤੇ ਆਧਾਰਿਤ ਰੇਲ ਸੇਵਾ ਹੈ।
ਇਹ ਟ੍ਰੇਨ ਪੂਰੀ ਤਰ੍ਹਾਂ ਭਾਰਤ ਵਿੱਚ ਡਿਜ਼ਾਈਨ, ਵਿਕਸਤ ਅਤੇ ਤਿਆਰ ਕੀਤੀ ਗਈ ਹੈ। ਰੇਲਵੇ ਮੰਤਰਾਲੇ ਅਨੁਸਾਰ ਇਹ ਸਵਦੇਸ਼ੀ ਤਕਨਾਲੋਜੀ ‘ਤੇ ਆਧਾਰਿਤ ਪ੍ਰੋਜੈਕਟ ਹੈ, ਜੋ ਦੇਸ਼ ਦੀ ਵਧਦੀ ਤਕਨੀਕੀ ਸਮਰੱਥਾ ਅਤੇ ‘ਆਤਮਨਿਰਭਰ ਭਾਰਤ’ ਦੇ ਸੁਪਨੇ ਨੂੰ ਹੋਰ ਮਜ਼ਬੂਤ ਕਰਦਾ ਹੈ। ਹਾਈਡ੍ਰੋਜਨ ਫਿਊਲ ਸੈੱਲ ਤਕਨਾਲੋਜੀ ਰਾਹੀਂ ਹਾਈਡ੍ਰੋਜਨ ਨੂੰ ਬਿਜਲੀ ਵਿੱਚ ਬਦਲਿਆ ਜਾਂਦਾ ਹੈ, ਜਿਸ ਨਾਲ ਟ੍ਰੇਨ ਦੀਆਂ ਮੋਟਰਾਂ ਚੱਲਦੀਆਂ ਹਨ।
ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਭਾਰਤ ਲਈ ਇਹ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਸਾਫ਼ ਊਰਜਾ, ਟਿਕਾਊ ਵਿਕਾਸ ਅਤੇ ਆਤਮਨਿਰਭਰ ਭਾਰਤ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ।
ਰੇਲਵੇ ਮੰਤਰਾਲੇ ਮੁਤਾਬਕ 10 ਡੱਬਿਆਂ ਵਾਲੀ ਇਹ ਟ੍ਰੇਨ 1,200 ਕਿਲੋਵਾਟ ਸਮਰੱਥਾ ਵਾਲੇ ਹਾਈਡ੍ਰੋਜਨ ਫਿਊਲ-ਸੈੱਲ ਪ੍ਰੋਪਲਸ਼ਨ ਸਿਸਟਮ ਨਾਲ ਲੈਸ ਹੈ। ਇਹ ਜੀਂਦ ਤੋਂ ਸੋਨੀਪਤ ਤੱਕ ਲਗਭਗ 89 ਕਿਲੋਮੀਟਰ ਦਾ ਸਫ਼ਰ ਕਰੀਬ ਦੋ ਘੰਟਿਆਂ ਵਿੱਚ ਪੂਰਾ ਕਰੇਗੀ ਅਤੇ ਰਸਤੇ ਵਿੱਚ 12 ਸਟੇਸ਼ਨਾਂ ‘ਤੇ ਰੁਕੇਗੀ। ਇਸ ਦੀ ਵੱਧ ਤੋਂ ਵੱਧ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਹਾਈਡ੍ਰੋਜਨ ਫਿਊਲ ਸੈੱਲ ਤਕਨਾਲੋਜੀ ਵਿੱਚ ਹਾਈਡ੍ਰੋਜਨ ਅਤੇ ਹਵਾ ਵਿੱਚ ਮੌਜੂਦ ਆਕਸੀਜਨ ਦੀ ਰਸਾਇਣਕ ਪ੍ਰਕਿਰਿਆ ਰਾਹੀਂ ਬਿਜਲੀ ਤਿਆਰ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਦੌਰਾਨ ਹਾਨੀਕਾਰਕ ਧੂੰਆਂ ਜਾਂ ਕਾਰਬਨ ਉਤਸਰਜਨ ਨਹੀਂ ਹੁੰਦਾ, ਜਿਸ ਕਾਰਨ ਇਸ ਨੂੰ ਵਾਤਾਵਰਨ ਲਈ ਬਿਹਤਰ ਅਤੇ ਸਾਫ਼ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ।
ਮਾਹਿਰਾਂ ਦੇ ਅਨੁਸਾਰ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਟ੍ਰੇਨਾਂ ਦੀ ਸ਼ੁਰੂਆਤ ਭਾਰਤ ਦੇ ਗ੍ਰੀਨ ਟਰਾਂਸਪੋਰਟ ਮਿਸ਼ਨ ਲਈ ਇੱਕ ਅਹਿਮ ਮੀਲ ਪੱਥਰ ਹੈ। ਇਸ ਨਾਲ ਨਾ ਸਿਰਫ਼ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲੇਗੀ, ਸਗੋਂ ਭਵਿੱਖ ਵਿੱਚ ਸਾਫ਼ ਅਤੇ ਟਿਕਾਊ ਆਵਾਜਾਈ ਪ੍ਰਣਾਲੀ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


