Monday, November 2, 2026
Google search engine
Homeਰਾਜਨੀਤੀਪੰਜਾਬ ’ਚ AAP ਦੀ ਸਿਆਸੀ ਘੇਰਾਬੰਦੀ ਵਧੀ, ਕੁੰਵਰ ਵਿਜੇ ਪ੍ਰਤਾਪ ਨੇ ਵੀ...

ਪੰਜਾਬ ’ਚ AAP ਦੀ ਸਿਆਸੀ ਘੇਰਾਬੰਦੀ ਵਧੀ, ਕੁੰਵਰ ਵਿਜੇ ਪ੍ਰਤਾਪ ਨੇ ਵੀ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ

ਪੰਜਾਬ ’ਚ AAP ਦੀ ਸਿਆਸੀ ਘੇਰਾਬੰਦੀ ਵਧੀ, ਕੁੰਵਰ ਵਿਜੇ ਪ੍ਰਤਾਪ ਨੇ ਵੀ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ

ਜੋੜੇਮਾਜਰਾ ਤੇ ਪਠਾਨਮਾਜਰਾ ਮਗਰੋਂ ਤੀਜਾ ਵੱਡਾ ਝਟਕਾ; ਸਪੀਕਰ ਨੂੰ ਭੇਜਿਆ ਅਸਤੀਫ਼ਾ, ਪੰਜਾਬ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਤੋਂ ਮੁਕਤ ਕਰਨ ਦਾ ਦਿੱਤਾ ਸੱਦਾ

ਸ੍ਰੀ ਅੰਮ੍ਰਿਤਸਰ ਸਾਹਿਬ- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਅੰਦਰ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਦੋ ਵਿਧਾਇਕਾਂ ਦੇ ਪਾਰਟੀ ਛੱਡਣ ਤੋਂ ਬਾਅਦ ਹੁਣ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਹੈ।

ਕੁੰਵਰ ਵਿਜੇ ਪ੍ਰਤਾਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਆਪਣੇ ਫ਼ੈਸਲੇ ਦੀ ਜਾਣਕਾਰੀ ਸਾਂਝੀ ਕੀਤੀ। ਅੰਮ੍ਰਿਤਸਰ ਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੁਣ ਗਲੀ-ਨਾਲੀਆਂ ਅਤੇ ਰਿਬਨ ਕੱਟਣ ਦੀ ਰਾਜਨੀਤੀ ਤੋਂ ਅੱਗੇ ਵਧਣ ਦਾ ਸਮਾਂ ਹੈ। ਪੰਜਾਬ ਨੂੰ ਨਸ਼ਿਆਂ, ਫਿਰੌਤੀਆਂ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਦੀ ਜਕੜ ਤੋਂ ਬਾਹਰ ਕੱਢ ਕੇ ਮੁੜ ਤਰੱਕੀਸ਼ੀਲ ਸੂਬਾ ਬਣਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ।

ਆਪਣੇ ਵਿਧਾਇਕੀ ਕਾਰਜਕਾਲ ਦੌਰਾਨ 90 ਫ਼ੀਸਦੀ ਟੀਚੇ ਹਾਸਲ ਕਰਨ ਦਾ ਦਾਅਵਾ

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਵਿਧਾਇਕ ਵਜੋਂ ਉਨ੍ਹਾਂ ਆਪਣੇ 90 ਫ਼ੀਸਦੀ ਟੀਚੇ ਪੂਰੇ ਕੀਤੇ ਹਨ। ਉਨ੍ਹਾਂ ਅੰਮ੍ਰਿਤਸਰ ਦੇ ਪਾਣੀ, ਸੀਵਰੇਜ, ਸਰਕਟ ਹਾਊਸ, ਕੰਪਨੀ ਬਾਗ, ਗੰਦੇ ਨਾਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਰਕਾਰੀ ਮੈਡੀਕਲ ਕਾਲਜ, ਸਰੂਪ ਰਾਣੀ ਕਾਲਜ ਅਤੇ ਬਰਗਾੜੀ ਬੇਅਦਬੀ ਵਰਗੇ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਬੇਬਾਕੀ ਨਾਲ ਉਠਾਉਣ ਦਾ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਦਾ ਕੇਂਦਰ ਹਮੇਸ਼ਾ ‘ਪੰਜਾਬ ਫਸਟ’ ਰਿਹਾ ਹੈ। ਅੱਗੇ ਵੀ ਉਹ ਸਾਫ਼-ਸੁਥਰੀ ਸਿਆਸਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।

ਕੇਜਰੀਵਾਲ ਤੇ ਭਗਵੰਤ ਮਾਨ ਦੀ ਕਾਰਗੁਜ਼ਾਰੀ ’ਤੇ ਪਹਿਲਾਂ ਵੀ ਚੁੱਕੇ ਸਨ ਸਵਾਲ

ਕੁੰਵਰ ਵਿਜੇ ਪ੍ਰਤਾਪ ਨੇ ਐਤਵਾਰ ਨੂੰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਪਾਰਟੀ ’ਤੇ ਆਪਣੇ ਸਥਾਪਨਾ ਸਿਧਾਂਤਾਂ ਤੋਂ ਦੂਰ ਹੋਣ ਦੇ ਦੋਸ਼ ਲਗਾਏ ਸਨ।

ਉਨ੍ਹਾਂ ਚੇਤਨ ਸਿੰਘ ਜੋੜੇਮਾਜਰਾ ਅਤੇ ਹਰਮੀਤ ਸਿੰਘ ਪਠਾਨਮਾਜਰਾ ਦੇ ਪਾਰਟੀ ਛੱਡਣ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਸਵਰਾਜ ਦੇ ਵਿਚਾਰਾਂ ’ਤੇ ਖੜ੍ਹੀ ਕੀਤੀ ਗਈ ਪਾਰਟੀ ਹੁਣ ਆਪਣੀ ਮੂਲ ਵਿਚਾਰਧਾਰਾ ਤੋਂ ਭਟਕ ਚੁੱਕੀ ਹੈ।

ਸਾਬਕਾ ਆਈਪੀਐਸ ਅਧਿਕਾਰੀ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਸੂਬੇ ਵਿੱਚ ਵਧ ਰਹੇ ਅਪਰਾਧ, ਨਸ਼ਿਆਂ, ਫਿਰੌਤੀਆਂ ਅਤੇ ਗੈਂਗਸਟਰਵਾਦ ਦਾ ਮੁੱਦਾ ਚੁੱਕਦਿਆਂ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਗੈਂਗਸਟਰਾਂ ਖ਼ਿਲਾਫ਼ ਉਹ ਪੁਲਿਸ ਅਧਿਕਾਰੀ ਵਜੋਂ ਅਦਾਲਤਾਂ ਵਿੱਚ ਗਵਾਹੀਆਂ ਦੇ ਰਹੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਸਰਕਾਰ ਜਾਂ ਪਾਰਟੀ ਵਿੱਚ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ।

24 ਘੰਟਿਆਂ ਅੰਦਰ ਦੋ ਵਿਧਾਇਕਾਂ ਨੇ ਵੀ ਛੱਡਿਆ ਸੀ ‘ਆਪ’ ਦਾ ਸਾਥ

ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫ਼ਾ ਉਸ ਸਮੇਂ ਆਇਆ ਹੈ, ਜਦੋਂ ਐਤਵਾਰ ਨੂੰ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ।

ਦੋਵਾਂ ਵਿਧਾਇਕਾਂ ਨੇ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਵਿੱਚ ਨਸ਼ਿਆਂ ਦੇ ਵਧਦੇ ਪ੍ਰਭਾਵ ਅਤੇ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨੇ ਸਾਧੇ ਸਨ। ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਘਟਨਾਵਾਂ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਲਈ ਇਹ ਘਟਨਾਕ੍ਰਮ ਵੱਡੀ ਸਿਆਸੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ।

-(ਪੀਟੀਸੀ ਨਿਊਜ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments