ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: “ਲਾਰੈਂਸ ਆਫ਼ ਪੰਜਾਬ” ਡਾਕੂਮੈਂਟਰੀ ‘ਤੇ ਰੋਕ ਦੀ ਮੰਗ
ਇਹ ਸੀਰੀਜ਼ 27 ਅਪ੍ਰੈਲ ਨੂੰ ਰਿਲੀਜ਼ ਹੋਣ ਦੀ ਯੋਜਨਾ ਹੈ।

ਚੰਡੀਗੜ੍ਹ- ਪੰਜਾਬ ਪੁਲਿਸ ਨੇ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਿਤ ਬਣ ਰਹੀ ਡਾਕੂਮੈਂਟਰੀ ਸੀਰੀਜ਼ “ਲਾਰੈਂਸ ਆਫ਼ ਪੰਜਾਬ” ਖ਼ਿਲਾਫ਼ ਕੜਾ ਕਦਮ ਚੁੱਕਿਆ ਹੈ। ਪੁਲਿਸ ਵੱਲੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ (MIB) ਨੂੰ ਰਸਮੀ ਪੱਤਰ ਲਿਖ ਕੇ ਇਸ ਡਾਕੂਮੈਂਟਰੀ ਨੂੰ ਜਨਤਕ ਤੌਰ ‘ਤੇ ਰਿਲੀਜ਼ ਨਾ ਕਰਨ ਦੀ ਬੇਨਤੀ ਕੀਤੀ ਗਈ ਹੈ। ਇਹ ਸੀਰੀਜ਼ 27 ਅਪ੍ਰੈਲ ਨੂੰ ਰਿਲੀਜ਼ ਹੋਣ ਦੀ ਯੋਜਨਾ ਹੈ।
ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਸਾਈਬਰ ਕ੍ਰਾਈਮ) ਵੀ. ਨੀਰਜਾ ਵੱਲੋਂ ਭੇਜੇ ਗਏ ਪੱਤਰ ਵਿੱਚ ਡਾਕੂਮੈਂਟਰੀ ਸੰਬੰਧੀ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ, ਇਹ ਸੀਰੀਜ਼ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਉਸ ਦੇ ਅਪਰਾਧਿਕ ਨੈੱਟਵਰਕ ਨੂੰ ਦਰਸਾਉਂਦੀ ਹੈ, ਜਿਸ ਵਿੱਚ ਕਈ ਹਾਈ-ਪ੍ਰੋਫਾਈਲ ਮਾਮਲੇ, ਜਿਵੇਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਵੀ ਸ਼ਾਮਲ ਹੈ।
ਟ੍ਰੇਲਰ ਹਟਾਉਣ ਦੀ ਵੀ ਮੰਗ, ਕਾਨੂੰਨ-ਵਿਵਸਥਾ ‘ਤੇ ਚਿੰਤਾ
ਪੰਜਾਬ ਪੁਲਿਸ ਨੇ ਸਿਰਫ਼ ਡਾਕੂਮੈਂਟਰੀ ਹੀ ਨਹੀਂ, ਸਗੋਂ ਇਸ ਦੇ ਟ੍ਰੇਲਰ ਨੂੰ ਵੀ ਹਟਾਉਣ ਦੀ ਮੰਗ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਸੀਰੀਜ਼ ਸੰਗਠਿਤ ਅਪਰਾਧ ਨੂੰ ਆਮ ਜਾਂ ਗਲੈਮਰਸ ਦਿਖਾ ਸਕਦੀ ਹੈ, ਜਿਸ ਨਾਲ ਨੌਜਵਾਨਾਂ ‘ਤੇ ਨਕਾਰਾਤਮਕ ਅਸਰ ਪੈ ਸਕਦਾ ਹੈ ਅਤੇ ਕਾਨੂੰਨ-ਵਿਵਸਥਾ ਲਈ ਖ਼ਤਰਾ ਬਣ ਸਕਦਾ ਹੈ।
IT ਐਕਟ ਤਹਿਤ ਕਾਰਵਾਈ ਦੀ ਬੇਨਤੀ
ਇਹ ਮੰਗ Information Technology Act, 2000 ਦੀ Section 69A(1) ਅਤੇ IT Rules, 2009 ਦੇ ਤਹਿਤ ਕੀਤੀ ਗਈ ਹੈ। ਪੁਲਿਸ ਨੇ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਸੀਰੀਜ਼ ਨੂੰ ਸਟ੍ਰੀਮ ਕਰਨ ਤੋਂ ਰੋਕਿਆ ਜਾਵੇ ਅਤੇ ਇਸ ਨਾਲ ਸੰਬੰਧਤ ਸਮੱਗਰੀ ਨੂੰ ਗਲੋਬਲ ਪੱਧਰ ‘ਤੇ ਹਟਾਇਆ ਜਾਵੇ।
ਹਾਈ ਕੋਰਟ ਦੇ ਪੁਰਾਣੇ ਨੋਟਿਸ ਦਾ ਵੀ ਹਵਾਲਾ
ਪੱਤਰ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਅੰਦਰੋਂ ਦਿੱਤੇ ਇੰਟਰਵਿਊਆਂ ‘ਤੇ ਸੁ ਮੋਟੋ ਨੋਟਿਸ ਲੈ ਚੁੱਕੀ ਹੈ। ਅਦਾਲਤ ਨੇ ਅਜਿਹੀ ਸਮੱਗਰੀ ਨੂੰ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲੀ ਅਤੇ ਚੱਲ ਰਹੀਆਂ ਜਾਂਚਾਂ ‘ਤੇ ਅਸਰ ਪਾਉਣ ਵਾਲੀ ਕਰਾਰ ਦਿੱਤਾ ਸੀ।
ਨੌਜਵਾਨਾਂ ‘ਤੇ ਪ੍ਰਭਾਵ ਨੂੰ ਲੈ ਕੇ ਚਿੰਤਾ
ਅਧਿਕਾਰੀਆਂ ਦਾ ਕਹਿਣਾ ਹੈ ਕਿ ਆਡੀਓ-ਵਿਜ਼ੂਅਲ ਸਮੱਗਰੀ ਦਾ ਨੌਜਵਾਨਾਂ ‘ਤੇ ਤੇਜ਼ ਅਤੇ ਡੂੰਘਾ ਪ੍ਰਭਾਵ ਹੁੰਦਾ ਹੈ। ਇਸ ਲਈ, ਅਜਿਹੀ ਸੰਵੇਦਨਸ਼ੀਲ ਸਮੱਗਰੀ ਨੂੰ ਲੈ ਕੇ ਵਾਧੂ ਸਾਵਧਾਨੀ ਵਰਤਣ ਦੀ ਲੋੜ ਹੈ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


