Sunday, November 22, 2026
Google search engine
Homeਅਪਰਾਧਪੰਨੂ ’ਤੇ ਹਮਲੇ ਦੀ ਸਾਜ਼ਿਸ਼ ਮਾਮਲੇ ’ਚ ਨਿਖਿਲ ਗੁਪਤਾ ਨੂੰ ਅਮਰੀਕਾ ’ਚ...

ਪੰਨੂ ’ਤੇ ਹਮਲੇ ਦੀ ਸਾਜ਼ਿਸ਼ ਮਾਮਲੇ ’ਚ ਨਿਖਿਲ ਗੁਪਤਾ ਨੂੰ ਅਮਰੀਕਾ ’ਚ 19 ਸਾਲ ਤੋਂ ਵੱਧ ਕੈਦ

ਪੰਨੂ ’ਤੇ ਹਮਲੇ ਦੀ ਸਾਜ਼ਿਸ਼ ਮਾਮਲੇ ’ਚ ਨਿਖਿਲ ਗੁਪਤਾ ਨੂੰ ਅਮਰੀਕਾ ’ਚ 19 ਸਾਲ ਤੋਂ ਵੱਧ ਕੈਦ

ਨਿਊਯਾਰਕ ਦੀ ਅਦਾਲਤ ਨੇ ਸੁਣਾਇਆ 235 ਮਹੀਨਿਆਂ ਦਾ ਫ਼ੈਸਲਾ; ਸਜ਼ਾ ਪੂਰੀ ਹੋਣ ਮਗਰੋਂ ਭਾਰਤੀ ਨਾਗਰਿਕ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਹੋਵੇਗੀ ਸ਼ੁਰੂ

ਨਿਊਯਾਰਕ: ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨਾਲ ਜੁੜੇ ਮਾਮਲੇ ਵਿੱਚ ਅਮਰੀਕੀ ਅਦਾਲਤ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 19 ਸਾਲ ਅਤੇ 7 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਦੇ ਜੱਜ ਵਿਕਟਰ ਮੈਰੇਰੋ ਨੇ ਸ਼ੁੱਕਰਵਾਰ ਨੂੰ ਕਰੀਬ 80 ਮਿੰਟ ਦੀ ਸੁਣਵਾਈ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ।

55 ਸਾਲਾ ਨਿਖਿਲ ਗੁਪਤਾ ਨੂੰ ਅਮਰੀਕੀ ਧਰਤੀ ’ਤੇ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ। ਉਸ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਸ ਵਿਰੁੱਧ ਹੱਤਿਆ ਦੀ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗੇ ਸਨ।

ਗੁਰਪਤਵੰਤ ਸਿੰਘ ਪੰਨੂ ਭਾਰਤੀ ਮੂਲ ਦਾ ਵਕੀਲ ਹੈ ਅਤੇ ਉਸ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਭਾਰਤ ਸਰਕਾਰ ਨੇ ਉਸ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ ਅਤੇ ਉਸ ਦੇ ਸੰਗਠਨ ‘ਸਿੱਖਸ ਫਾਰ ਜਸਟਿਸ’ ’ਤੇ ਪਾਬੰਦੀ ਲਗਾਈ ਗਈ ਹੈ।

ਸਜ਼ਾ ਪੂਰੀ ਹੋਣ ਤੋਂ ਬਾਅਦ ਅਮਰੀਕਾ ਤੋਂ ਕੱਢਿਆ ਜਾਵੇਗਾ ਨਿਖਿਲ

ਅਦਾਲਤ ਨੇ ਨਿਖਿਲ ਗੁਪਤਾ ਨੂੰ ਕੁੱਲ 235 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਜੱਜ ਨੇ ਉਸ ’ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਨਿਗਰਾਨੀ ਹੇਠ ਰਹਿਣ ਦੀ ਕੋਈ ਸ਼ਰਤ ਨਹੀਂ ਲਗਾਈ।

ਅਦਾਲਤ ਵੱਲੋਂ ਦੱਸਿਆ ਗਿਆ ਕਿ ਜੇਲ੍ਹ ਦੀ ਸਜ਼ਾ ਪੂਰੀ ਹੋਣ ਮਗਰੋਂ ਨਿਖਿਲ ਗੁਪਤਾ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸੁਣਵਾਈ ਦੌਰਾਨ ਉਹ ਭੂਰੇ ਰੰਗ ਦੀ ਜੇਲ੍ਹ ਵਰਦੀ ਵਿੱਚ ਅਦਾਲਤ ਪਹੁੰਚਿਆ ਅਤੇ ਆਪਣੇ ਵਕੀਲਾਂ ਦੇ ਨਾਲ ਬੈਠਿਆ।

ਨਿਖਿਲ ਗੁਪਤਾ ਨੇ ਅਦਾਲਤ ਵਿੱਚ ਪਛਤਾਵਾ ਜ਼ਾਹਰ ਕੀਤਾ

ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਨਿਖਿਲ ਗੁਪਤਾ ਨੇ ਅਦਾਲਤ ਵਿੱਚ ਆਪਣਾ ਬਿਆਨ ਦਿੱਤਾ। ਉਸ ਨੇ ਮਹਾਤਮਾ ਗਾਂਧੀ, ਮਦਰ ਟੈਰੇਸਾ, ਨੈਲਸਨ ਮੰਡੇਲਾ ਅਤੇ ਮਾਰਟਿਨ ਲੂਥਰ ਕਿੰਗ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਆਗੂਆਂ ਦੇ ਆਦਰਸ਼ਾਂ ’ਤੇ ਚੱਲਣਾ ਚਾਹੁੰਦਾ ਸੀ।

ਕਰੀਬ 6 ਮਿੰਟ ਦੇ ਆਪਣੇ ਬਿਆਨ ਦੌਰਾਨ ਉਸ ਨੇ ਪੰਨੂ ਅਤੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ। ਉਸ ਨੇ ਕਿਹਾ ਕਿ ਜੋ ਕੁਝ ਹੋ ਚੁੱਕਾ ਹੈ, ਉਸ ਨੂੰ ਹੁਣ ਬਦਲਿਆ ਨਹੀਂ ਜਾ ਸਕਦਾ ਅਤੇ ਉਸ ਨੂੰ ਆਪਣੇ ਕੀਤੇ ’ਤੇ ਅਫ਼ਸੋਸ ਹੈ।

ਨਿਖਿਲ ਗੁਪਤਾ ਨੇ ਆਪਣੇ ਪਰਿਵਾਰ, ਪਤਨੀ, ਮਾਂ ਅਤੇ ਬੱਚਿਆਂ ਨੂੰ ਇਸ ਮਾਮਲੇ ਕਾਰਨ ਹੋਈਆਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ। ਅਦਾਲਤ ਵਿੱਚ ਬੋਲਦਿਆਂ ਉਹ ਭਾਵੁਕ ਹੋ ਗਿਆ ਅਤੇ ਕਿਹਾ ਕਿ ਉਹ ਸਜ਼ਾ ਨੂੰ ਸਵੀਕਾਰ ਕਰੇਗਾ ਤੇ ਜੇਲ੍ਹ ਤੋਂ ਬਾਹਰ ਆ ਕੇ ਇੱਕ ਬਿਹਤਰ ਇਨਸਾਨ ਬਣਨ ਦੀ ਕੋਸ਼ਿਸ਼ ਕਰੇਗਾ।

ਪੰਨੂ ਨੇ ਅਦਾਲਤ ਵਿੱਚ ਆਪਣੀਆਂ ਮੁਸ਼ਕਲਾਂ ਦਾ ਕੀਤਾ ਜ਼ਿਕਰ

ਗੁਰਪਤਵੰਤ ਸਿੰਘ ਪੰਨੂ ਨੇ ਵੀ ਸੁਣਵਾਈ ਦੌਰਾਨ ਆਪਣਾ ਬਿਆਨ ਦਰਜ ਕਰਵਾਇਆ। ਉਸ ਨੇ ਦਾਅਵਾ ਕੀਤਾ ਕਿ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਪਿਛਲੇ 1200 ਤੋਂ ਵੱਧ ਦਿਨਾਂ ਤੋਂ ਆਪਣੀ ਨਿਯਮਤ ਕਾਨੂੰਨੀ ਪ੍ਰੈਕਟਿਸ ਨਹੀਂ ਕਰ ਸਕਿਆ।

ਪੰਨੂ ਨੇ ਕਰੀਬ 20 ਮਿੰਟ ਤੱਕ ਆਪਣਾ ਪੱਖ ਰੱਖਿਆ। ਉਸ ਦੇ ਲੰਬੇ ਬਿਆਨ ਦੌਰਾਨ ਜੱਜ ਨੇ ਉਸ ਨੂੰ ਗੱਲ ਸੰਖੇਪ ਵਿੱਚ ਰੱਖਣ ਅਤੇ ਬਿਆਨ ਖ਼ਤਮ ਕਰਨ ਲਈ ਕਿਹਾ, ਤਾਂ ਜੋ ਅਦਾਲਤ ਅਗਲੀ ਕਾਰਵਾਈ ਸ਼ੁਰੂ ਕਰ ਸਕੇ।

ਬਚਾਅ ਪੱਖ ਦੇ ਵਕੀਲ ਸਜ਼ਾ ਤੋਂ ਨਾਖੁਸ਼

ਜੱਜ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ 235 ਮਹੀਨਿਆਂ ਦੀ ਕੈਦ ਉਚਿਤ ਹੈ। ਹਾਲਾਂਕਿ ਫ਼ੈਸਲੇ ਤੋਂ ਬਾਅਦ ਨਿਖਿਲ ਗੁਪਤਾ ਦੇ ਬਚਾਅ ਪੱਖ ਦੇ ਵਕੀਲਾਂ ਨੇ ਨਿਰਾਸ਼ਾ ਜ਼ਾਹਰ ਕੀਤੀ।

ਵਕੀਲਾਂ ਦਾ ਕਹਿਣਾ ਸੀ ਕਿ ਉਹ ਨਿਖਿਲ ਗੁਪਤਾ ਨੂੰ ਇਸ ਤੋਂ ਘੱਟ ਸਮੇਂ ਦੀ ਜੇਲ੍ਹ ਦੀ ਸਜ਼ਾ ਮਿਲਣ ਦੀ ਉਮੀਦ ਕਰ ਰਹੇ ਸਨ। ਸੁਣਵਾਈ ਤੋਂ ਪਹਿਲਾਂ ਨਿਊਯਾਰਕ ਵਿੱਚ ਅਦਾਲਤ ਦੇ ਬਾਹਰ ਪੰਨੂ ਦੇ ਕਈ ਸਮਰਥਕ ਇਕੱਠੇ ਹੋਏ ਸਨ। ਉਨ੍ਹਾਂ ਕੋਲ ਨਿਖਿਲ ਗੁਪਤਾ ਅਤੇ ਹੋਰ ਲੋਕਾਂ ਦੇ ਪੁਤਲੇ ਵੀ ਸਨ।

-(ਟੀਵੀ 9 ਪੰਜਾਬੀ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments