ਸ਼ੰਭੂ ਬਾਰਡਰ ‘ਤੇ ਬਣੀ ਸਹਿਮਤੀ: ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ‘ਤੇ ਸਹਿਮਤੀ, ਗੱਲਬਾਤ ਤੋਂ ਬਾਅਦ ਬਣਿਆ ਰਾਹ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਮੰਨ ਲਈ ਹੈ।

ਘਨੌਰ
ਦਿੱਲੀ ਦੇ ਕਿਸਾਨ ਘਾਟ ਵੱਲ ਜਾਣ ਲਈ ਸ਼ੰਭੂ ਬਾਰਡਰ ‘ਤੇ ਰੁਕੇ ਕਿਸਾਨਾਂ ਅਤੇ ਹਰਿਆਣਾ ਪੁਲਿਸ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਅਹਿਮ ਸਹਿਮਤੀ ਬਣੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਮੰਨ ਲਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ-ਅਮਰੀਕਾ ਟਰੇਡ ਡੀਲ ਦੇ ਵਿਰੋਧ ਨਾਲ ਜੁੜੀਆਂ ਮੰਗਾਂ ‘ਤੇ ਵਿਚਾਰ ਲਈ ਹਰਿਆਣਾ ਦੇ ਖੇਤੀਬਾੜੀ ਮੰਤਰੀ ਅਤੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਸ਼ੰਭੂ ਬਾਰਡਰ ‘ਤੇ ਪਹੁੰਚ ਰਹੇ ਹਨ।
ਜਾਣੋ, ਸਹਿਮਤੀ ਤੋਂ ਪਹਿਲਾਂ ਕੀ ਕੁਝ ਹੋਇਆ
ਹਰਿਆਣਾ ਪੁਲਿਸ ਨਾਲ ਗੱਲਬਾਤ ਲਈ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਤੇਜਵੀਰ ਸਿੰਘ ਪੰਜੋਖਰਾ ਅਤੇ ਦਿਲਬਾਗ ਸਿੰਘ ਗਿੱਲ ਸਮੇਤ ਕਈ ਪ੍ਰਮੁੱਖ ਆਗੂਆਂ ਦਾ ਵਫ਼ਦ ਮੌਕੇ ‘ਤੇ ਪਹੁੰਚਿਆ। ਕਿਸਾਨ ਆਗੂਆਂ ਨੇ ਦਿੱਲੀ ਜਾਣ ਲਈ ਰਸਤਾ ਖੋਲ੍ਹਣ ਅਤੇ ਬਾਰਡਰ ‘ਤੇ ਲੱਗੀਆਂ ਪਾਬੰਦੀਆਂ ਹਟਾਉਣ ਸਬੰਧੀ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਚਰਚਾ ਕੀਤੀ।
ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਧਾਰਾ 163 ਲਾਗੂ ਕਰਦਿਆਂ ਕਿਸਾਨਾਂ ਨੂੰ ਬੈਰੀਕੇਡਾਂ ਤੋਂ 100 ਮੀਟਰ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਸੀ।
ਭਾਰਤ-ਅਮਰੀਕਾ ਟਰੇਡ ਡੀਲ ਦੇ ਵਿਰੋਧ ਵਿੱਚ ਦਿੱਲੀ ਦੇ ਕਿਸਾਨ ਘਾਟ ‘ਤੇ ਦੇਸ਼ ਭਰ ਦੇ ਕਿਸਾਨਾਂ ਨੂੰ ਇਕੱਠੇ ਹੋਣ ਦੇ ਸੱਦੇ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲਾ ਸ਼ੰਭੂ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਬੀਤੀ ਰਾਤ ਤੋਂ ਹੀ ਸੜਕਾਂ ਬੰਦ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਅਤੇ ਸਹਿਮਤੀ ਨਾ ਬਣਨ ਕਾਰਨ ਸਵੇਰੇ ਕਰੀਬ 5:30 ਵਜੇ ਹਰਿਆਣਾ ਪੁਲਿਸ ਨੇ ਬੈਰੀਕੇਡ ਲਗਾ ਕੇ ਦੋਵੇਂ ਪਾਸਿਆਂ ਦੀ ਆਵਾਜਾਈ ਰੋਕ ਦਿੱਤੀ, ਜਿਸ ਨਾਲ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ।
ਚਾਰ ਘੰਟਿਆਂ ਦੇ ਧਰਨੇ ਦੇ ਐਲਾਨ ਅਨੁਸਾਰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ੰਭੂ ਬਾਰਡਰ ‘ਤੇ ਇਕੱਠੇ ਹੋਣ ਲੱਗੇ। ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਜਾਣਾ ਚਾਹੁੰਦੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਕੇਂਦਰ ਸਰਕਾਰ ਵੱਲੋਂ ਦਿੱਲੀ ਜਾਣ ‘ਤੇ ਰੋਕ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਧਾਰਾ 163 ਲਾਗੂ ਕਰਨ ਬਾਰੇ ਕੋਈ ਅਧਿਕਾਰਕ ਸੂਚਨਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨਾਲ ਗੱਲਬਾਤ ਜਾਰੀ ਰਹੇਗੀ ਅਤੇ ਕਿਸਾਨ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੇ ਹੱਕ ਵਿੱਚ ਨਹੀਂ ਹਨ।
ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਦੇ ਬਾਵਜੂਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨਾਂ ਦੇ ਕਾਫ਼ਲੇ ਸਵੇਰੇ ਹੀ ਦਿੱਲੀ ਵੱਲ ਰਵਾਨਾ ਹੋ ਗਏ ਅਤੇ ਲਗਾਤਾਰ ਸ਼ੰਭੂ ਬਾਰਡਰ ਵੱਲ ਪਹੁੰਚਦੇ ਰਹੇ।
-(ਪੰਜਾਬੀ ਜਾਗਰਣ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


