ਸੁਨਾਮ ’ਚ ਸਿੱਖ ਨੌਜਵਾਨ ਨਾਲ ਕਥਿਤ ਪੁਲਿਸ ਤਸ਼ੱਦਦ ਦਾ ਮਾਮਲਾ NHRC ਤੱਕ ਪਹੁੰਚਿਆ, ਜਾਂਚ ਤੇ ਸੁਰੱਖਿਆ ਦੀ ਉੱਠੀ ਮੰਗ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਆਗੂ ਤਰੁਣ ਚੁੱਘ ਨੇ NHRC ਨੂੰ ਵੱਖ-ਵੱਖ ਪੱਤਰ ਭੇਜ ਕੇ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ।

ਚੰਡੀਗੜ੍ਹ
ਸੁਨਾਮ ਦੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਸੱਥ ਪ੍ਰੋਗਰਾਮ ਦੌਰਾਨ ਸਿੱਖ ਨੌਜਵਾਨ ਮੋਹਨਜੀਤ ਸਿੰਘ ਨਾਲ ਪੰਜਾਬ ਪੁਲਿਸ ਵੱਲੋਂ ਕਥਿਤ ਤੌਰ ’ਤੇ ਕੀਤੇ ਗਏ ਤਸ਼ੱਦਦ ਦਾ ਮਾਮਲਾ ਹੁਣ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਤੱਕ ਪਹੁੰਚ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸਿਆਸੀ ਆਗੂਆਂ ਵੱਲੋਂ ਪੁਲਿਸ ਕਾਰਵਾਈ ’ਤੇ ਸਵਾਲ ਚੁੱਕਦਿਆਂ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਆਗੂ ਤਰੁਣ ਚੁੱਘ ਨੇ NHRC ਨੂੰ ਵੱਖ-ਵੱਖ ਪੱਤਰ ਭੇਜ ਕੇ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਪੁਲਿਸ ’ਤੇ ਗੰਭੀਰ ਤਸ਼ੱਦਦ ਦੇ ਦੋਸ਼
ਸ਼ਿਕਾਇਤ ਵਿੱਚ ਮੋਹਨਜੀਤ ਸਿੰਘ ਦੇ ਹਵਾਲੇ ਨਾਲ ਦੋਸ਼ ਲਗਾਇਆ ਗਿਆ ਹੈ ਕਿ ਮੁੱਖ ਮੰਤਰੀ ਦੇ ਪਿੰਡ ਤੋਂ ਜਾਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਛੱਤ ਤੋਂ ਫੜ ਲਿਆ ਅਤੇ ਕਰੀਬ ਇੱਕ ਘੰਟੇ ਤੱਕ ਕੁੱਟਮਾਰ ਕੀਤੀ। ਦਾਅਵਾ ਕੀਤਾ ਗਿਆ ਹੈ ਕਿ ਇਸ ਦੌਰਾਨ ਉਸ ਨੂੰ ਚੱਪਲਾਂ ਨਾਲ ਵੀ ਮਾਰਿਆ ਗਿਆ ਅਤੇ ਬਾਅਦ ਵਿੱਚ ਸੁਨਾਮ ਪੁਲਿਸ ਚੌਕੀ ਲਿਜਾਇਆ ਗਿਆ।
ਸ਼ਿਕਾਇਤ ਮੁਤਾਬਕ ਪੁਲਿਸ ਚੌਕੀ ਵਿੱਚ ਵੀ ਉਸ ਨਾਲ ਕਥਿਤ ਤੌਰ ’ਤੇ ਥਰਡ-ਡਿਗਰੀ ਟਾਰਚਰ ਕੀਤਾ ਗਿਆ। ਇਸ ਦੌਰਾਨ ਬਿਜਲੀ ਦੇ ਝਟਕੇ ਦੇਣ, ਲੱਤਾਂ ਨੂੰ ਜ਼ਬਰਦਸਤੀ ਖਿੱਚਣ ਅਤੇ ਕੁੱਟਮਾਰ ਕਰਨ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਦੀ ਦਾੜ੍ਹੀ ਅਤੇ ਵਾਲ ਖਿੱਚੇ ਗਏ ਅਤੇ ਸੱਟਾਂ ’ਤੇ ਨਮਕ ਪਾਇਆ ਗਿਆ।
ਨਸ਼ਾ ਕਰਵਾਉਣ ਅਤੇ ਡੋਪ ਟੈਸਟ ਦੇ ਵੀ ਦੋਸ਼
ਮਾਮਲੇ ਵਿੱਚ ਇੱਕ ਹੋਰ ਗੰਭੀਰ ਦੋਸ਼ ਇਹ ਲਗਾਇਆ ਗਿਆ ਹੈ ਕਿ ਪੁਲਿਸ ਹਿਰਾਸਤ ਦੌਰਾਨ ਮੋਹਨਜੀਤ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਨਸ਼ਾ ਕਰਵਾਇਆ ਗਿਆ ਅਤੇ ਇਸ ਤੋਂ ਬਾਅਦ ਉਸ ਦਾ ਡੋਪ ਟੈਸਟ ਕਰਵਾਇਆ ਗਿਆ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਖ਼ਿਲਾਫ਼ ਨਸ਼ਾ ਕਰਨ ਦੇ ਦੋਸ਼ ਹੇਠ FIR ਦਰਜ ਕੀਤੀ ਗਈ।
ਰਾਜਾ ਵੜਿੰਗ ਨੇ ਇਸ FIR ਨੂੰ ਕਥਿਤ ਤੌਰ ’ਤੇ ਝੂਠਾ ਦੱਸਦਿਆਂ ਪੂਰੇ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ NHRC ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਤੋਂ ਮੋਹਨਜੀਤ ਦੀ ਗ੍ਰਿਫ਼ਤਾਰੀ, ਹਿਰਾਸਤ ਦੌਰਾਨ ਉਸ ਨਾਲ ਹੋਏ ਵਿਵਹਾਰ, ਮੈਡੀਕਲ ਜਾਂਚ, MLR, ਡੋਪ ਟੈਸਟ ਅਤੇ FIR ਨਾਲ ਸਬੰਧਤ ਪੂਰੀ ਜਾਣਕਾਰੀ ਮੰਗੀ ਜਾਵੇ।
ਇਸ ਦੇ ਨਾਲ ਹੀ CCTV ਫੁਟੇਜ, ਵੀਡੀਓ ਰਿਕਾਰਡਿੰਗ, ਮੈਡੀਕਲ ਦਸਤਾਵੇਜ਼, ਡੋਪ ਟੈਸਟ ਰਿਪੋਰਟ, ਪੁਲਿਸ ਰਿਕਾਰਡ ਅਤੇ ਕਾਲ ਡਿਟੇਲ ਸਮੇਤ ਸਾਰੇ ਸੰਭਾਵਿਤ ਸਬੂਤ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਗਈ ਹੈ।
ਬਾਜਵਾ ਨੇ DSP ਸਮੇਤ ਪੁਲਿਸ ਮੁਲਾਜ਼ਮਾਂ ’ਤੇ ਕਾਰਵਾਈ ਮੰਗੀ
ਪ੍ਰਤਾਪ ਸਿੰਘ ਬਾਜਵਾ ਨੇ NHRC ਤੋਂ ਇਸ ਮਾਮਲੇ ਦਾ ਆਪਣੇ ਪੱਧਰ ’ਤੇ ਨੋਟਿਸ ਲੈ ਕੇ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਥਿਤ ਤੌਰ ’ਤੇ ਘਟਨਾ ਵਿੱਚ ਸ਼ਾਮਲ DSP ਅਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਮੋਹਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ ਗਈ ਹੈ।
ਤਰੁਣ ਚੁੱਘ ਨੇ ਵੀ NHRC ਤੋਂ ਤੁਰੰਤ ਕਾਰਵਾਈ ਦੀ ਕੀਤੀ ਮੰਗ
ਭਾਜਪਾ ਆਗੂ ਤਰੁਣ ਚੁੱਘ ਨੇ ਵੀ NHRC ਨੂੰ ਪੱਤਰ ਲਿਖ ਕੇ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਮੋਹਨਜੀਤ ਸਿੰਘ ਦੇ ਹਵਾਲੇ ਨਾਲ ਪੁਲਿਸ ’ਤੇ ਲਗਾਏ ਗਏ ਦੋਸ਼ਾਂ ਨੂੰ ਗੰਭੀਰ ਦੱਸਦਿਆਂ ਇਸ ਨੂੰ ਕਥਿਤ ਅਣਮਨੁੱਖੀ ਤਸ਼ੱਦਦ ਦਾ ਮਾਮਲਾ ਕਰਾਰ ਦਿੱਤਾ।
ਚੁੱਘ ਨੇ NHRC ਤੋਂ ਮਾਮਲੇ ਦਾ ਸਵੈ-ਨੋਟਿਸ ਲੈਣ, ਇੱਕ ਸੁਤੰਤਰ ਤੱਥ-ਖੋਜ ਟੀਮ ਨੂੰ ਪਿੰਡ ਸ਼ੇਰੋਂ ਅਤੇ ਸਬੰਧਤ ਪੁਲਿਸ ਸਟੇਸ਼ਨ ਭੇਜਣ ਅਤੇ ਕਥਿਤ ਤੌਰ ’ਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ, ਜਿਨ੍ਹਾਂ ਵਿੱਚ DSP ਵੀ ਸ਼ਾਮਲ ਹੈ, ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਮੋਹਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਲਈ ਸੁਰੱਖਿਆ ਦੇ ਨਾਲ-ਨਾਲ ਲੋੜੀਂਦੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ ਹੈ।
-(ਪੀਟੀਸੀ ਨਿਊਜ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


