ਤਾਈਕਵਾਡੋਂ ਦੇ ਕੋਚ ਨੇ ਸੋਨੇ ਦੀ ਤਸਕਰੀ ਕਰਨ ਲਈ ਖਿਡਾਰੀਆਂ ਦਾ ਲਿਆ ਸਹਾਰਾ
ਪਟਿਆਲਾ, 12 ਸਤੰਬਰ – (ਬਾਬੂਸ਼ਾਹੀ ਨੈਟਵਰਕ) ਖਿਡਾਰੀਆਂ ਦੀ ਆੜ ਵਿਚ ਸੋਨੇ ਦੀ ਤਸਕਰੀ ਕਰਨ ਵਾਲੇ ਤਾਇਕਵਾਂਡੋ ਕੋਚ ਨੂੰ ਏਅਰਪੋਰਟ ਕਸਟਮ ਵਿਭਾਗ ਦੀ ਟੀਮ ਨੇ ਕਰੀਬ 29 ਲੱਖ ਰੁਪਏ ਦੇ ਸੋਨੇ ਦੇ ਗਹਿਣਿਆਂ ਸਣੇ ਕਾਬੂ ਕੀਤਾ ਹੈ। ਜ਼ਿਲ੍ਹਾ ਪਟਿਆਲਾ ਦੀ ਤਾਈਕਵਾਂਡੋ ਐਸੋਸੀਏਸ਼ਨ ਨੇ ਮੁਲਜ਼ਮ ਕੋਚ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਸਿੰਗਲਾ ਨੇ ਦੱਸਿਆ ਕਿ ਪਟਿਆਲਾ ਤੋਂ ਤਾਈਕਵਾਂਡੋ ਕੋਚ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੋਨੇ ਦੀਆਂ ਵਸਤੂਆਂ ਦੀ ਤਸਕਰੀ ਕਰਦੇ ਹੋਏ ਫੜਿਆ ਗਿਆ ਸੀ। ਜਿਸ ਕਾਰਨ ਦਿੱਲੀ ਦੇ ਕਸਟਮ ਵਿਭਾਗ ਨੇ ਪ੍ਰੈੱਸ ਬਿਆਨ ਜਾਰੀ ਕਰ ਕੇ ਦੱਸਿਆ ਕਿ ਕਰੀਬ 13 ਤਾਇਕਵਾਂਡੋ ਖਿਡਾਰੀ 13 ਸਬੰਧਤ ਟੀਮਾਂ ਨਾਲ ਬੈਂਕਾਕ ਵਿਚ ਟੂਰਨਾਮੈਂਟ ਵਿਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਰਤ ਰਹੇ ਸਨ। ਇਸ ਟੀਮ ਵਿਚ 10 ਦੇ ਕਰੀਬ ਖਿਡਾਰੀ ਨਾਬਾਲਿਗ ਵੀ ਸਨ। ਮੁਲਜ਼ਮ ਕੋਚ ਨੇ ਖਿਡਾਰੀਆਂ ਨੂੰ ਸੋਨੇ ਦੀਆਂ ਚੈਨੀਆਂ ਤੇ ਮੁੰਦਰੀਆਂ ਪਾ ਦਿੱਤੀਆਂ ਸਨ ਜਿਸ ਤੋਂ ਬਾਅਦ ਕਸਟਮ ਵਿਭਾਗ ਦੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਮੁਲਜ਼ਮ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਮਾਮਲਾ ਸਾਹਮਣੇ ਆਇਆ।
ਇਸ ਤੋਂ ਬਾਅਦ ਸੋਨੇ ਦੇ ਗਹਿਣੇ ਤੋਲੇ ਤਾਂ 667 ਗ੍ਰਾਮ ਸੋਨਾ ਬਰਾਮਦ ਹੋਇਆ। ਕਸਟਮ ਵਿਭਾਗ ਨੇ ਮੁਲਾਜ਼ਮ ਨੂੰ ਕਾਬੂ ਕਰ ਕੇ ਉਸ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਸਿੰਗਲਾ ਨੇ ਕਿਹਾ ਕਿ ਸਬੰਧਤ ਕੋਚ ਕਾਰਨ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ। ਇਸ ’ਤੇ ਸਖ਼ਤੀ ਹੋਣੀ ਚਾਹੀਦੀ ਹੈ।