ਪਰਲਜ਼ ਗਰੁੱਪ ਦੇ ਪ੍ਰਮੋਟਰ ਨੂੰ ਬਚਾਉਣ ਦਾ ਵਾਅਦਾ ਕਰ ਕੇ ਮਾਰੀ ਸਾਢੇ 3 ਕਰੋੜ ਦੀ ਠੱਗੀ, ਸਾਬਕਾ ਵਿਧਾਇਕ ਸਣੇ 6 ਨਾਮਜ਼ਦ, 3 ਗ੍ਰਿਫ਼ਤਾਰ
ਲੁਧਿਆਣਾ, 24 ਜੂਨ (ਪੰਜਾਬੀ ਜਾਗਰਣ)- ਥਾਣੇ ‘ਚ ਦਰਜ ਕੇਸਾਂ ਤੋਂ ਛੁਟਕਾਰਾ ਦਿਵਾਉਣ ਦੇ ਨਾਂ ’ਤੇ ਪਰਲਜ਼ ਗਰੁੱਪ ਦੇ ਪ੍ਰਮੋਟਰ ਨਿਰਮਲ ਸਿੰਘ ਭੰਗੂ ਨਾਲ ਸਾਢੇ ਤਿੰਨ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਾਬਕਾ ਕਾਂਗਰਸੀ ਵਿਧਾਇਕ ਸਮੇਤ ਛੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਜਦਕਿ ਤਿੰਨ ਜਣਿਆ ਨੂੰ ਕਾਬੂ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਵਾਸੀ ਸ਼ਿੰਦਰ ਸਿੰਘ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਚਾਚਾ ਨਿਰਮਲ ਸਿੰਘ ਭੰਗੂ ਜੋ ਪਹਿਲਾਂ ਤਿਹਾੜ ਜੇਲ੍ਹ ਤੇ ਬਾਅਦ ਵਿੱਚ ਬਠਿੰਡਾ ਜੇਲ੍ਹ ਵਿਚ ਬੰਦ ਸੀ। ਕੇਸਾਂ ਵਿੱਚ ਰਾਹਤ ਲਈ ਉਸ ਨੂੰ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਮਿਲ ਕੇ ਦੱਸਿਆ ਕਿ ਉਸ ਦੇ ਸਰਕਾਰ ਵਿੱਚ ਕਈ ਕੁਨੈਕਸ਼ਨ ਹਨ ਤੇ ਉਸ ’ਤੇ ਕਈ ਚਿੱਟ ਫੰਡ ਕੇਸ ਹਨ, ਜਿਨ੍ਹਾਂ ਵਿੱਚ ਉਹ ਜ਼ਮਾਨਤ ’ਤੇ ਹੈ ਅਤੇ ਜੇਕਰ ਉਹ ਉਸ ਨੂੰ 5 ਕਰੋੜ ਰੁਪਏ ਦੇਵੇ ਤਾਂ ਉਹ ਰਿਹਾਅ ਕਰ ਸਕਦਾ ਹੈ। ਨਿਰਮਲ ਸਿੰਘ ਨੇ 3.5 ਕਰੋੜ ਐਡਵਾਂਸ ਤੇ ਡੇਢ ਕਰੋੜ ਕੰਮ ਹੋਣ ਤੋਂ ਬਾਅਦ ਦੇਣ ‘ਤੇ ਸਹਿਮਤੀ ਦਿੱਤੀ। ਇਸ ਤੋਂ ਬਾਅਦ ਨਿਰਮਲ ਸਿੰਘ ਨੇ ਸ਼ਿਕਾਇਤਕਰਤਾ ਸ਼ਿੰਦਰ ਸਿੰਘ ਨੂੰ ਸਾਰੀ ਗੱਲ ਦੱਸੀ ਤਾਂ ਸ਼ਿੰਦਰ ਸਿੰਘ ਨੇ ਗਿਰਧਾਰੀ ਲਾਲ ਤੋਂ 3.5 ਕਰੋੜ ਰੁਪਏ ਵਿਆਜ ‘ਤੇ ਲੈ ਲਏ, ਜਿਸ ਨੇ ਡੀਡੀ ਬਣਾ ਕੇ ਵੱਖ-ਵੱਖ ਫਰਮਾਂ ਨੂੰ ਪੈਸੇ ਟਰਾਂਸਫਰ ਕਰ ਦਿੱਤੇ। ਪਰ ਜਦੋਂ ਉਸ ਨੇ 3.5 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਜਿਨ੍ਹਾਂ ਕੰਪਨੀਆਂ/ਫਰਮਾਂ ਨੂੰ ਉਸ ਨੇ ਸਾਰਾ ਪੈਸਾ ਟਰਾਂਸਫਰ ਕੀਤਾ ਸੀ, ਉਹ ਫਰਜ਼ੀ ਸਨ। ਇਸ ਤਰ੍ਹਾਂ ਗਿਰਧਾਰੀ ਲਾਲ ਨੇ ਪ੍ਰੀਤਮ ਸਿੰਘ ਕੋਟਭਾਈ ਨਾਲ ਠੱਗੀ ਮਾਰੀ ਸੀ। ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਜੀਵਨ ਸਿੰਘ ਵਾਸੀ ਧੌਲਾ ਗਿੱਦੜਬਾਹਾ, ਦਲੀਪ ਕੁਮਾਰ ਤ੍ਰਿਪਾਠੀ ਕਾਨਪੁਰ ਰੋਡ ਲਖਨਊ, ਸੰਜੇ ਸ਼ਰਮਾ ਫਰੀਦਾਬਾਦ ਹਰਿਆਣਾ, ਸਈਦ ਪ੍ਰਵੇਜ਼ ਹੇਮਾਨੀ ਵਾਸੀ ਲਖਨਊ, ਧਰਮਵੀਰ ਵਾਸੀ ਧੌਲਾ ਗਿੱਦੜਬਾਹਾ ਖ਼ਿਲਾਫ਼ ਥਾਣਾ ਸਰਾਭਾ ਨਗਰ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜੀਵਨ ਸਿੰਘ, ਧਰਮਵੀਰ ਅਤੇ ਦਲੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨਿਰਮਲ ਸਿੰਘ ਭੰਗੂ ਨੂੰ ਸੀਬੀਆਈ ਨੇ ਜਨਵਰੀ 2016 ਵਿਚ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ ਪਰਲਜ਼ ਕੰਪਨੀ ਬਣਾ ਕੇ 5.5 ਕਰੋੜ ਲੋਕਾਂ ਦੇ 4,500 ਕਰੋੜ ਰੁਪਏ ਦੀ ਗਬਨ ਕਰਨ ਦੇ ਦੋਸ਼ ਸਨ। ਉਹ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹੈ।