ਕੈਨੇਡਾ ’ਚ 9 ਹਜ਼ਾਰ ਪੰਜਾਬੀਆਂ ਲਈ ਚਿੰਤਾ, ਡਿਪੋਰਟੇਸ਼ਨ ਦਾ ਖਤਰਾ ਵਧਿਆ
ਸਰਕਾਰ ਵੱਲੋਂ ਇਸ ਸੰਬੰਧੀ ਤਕਰੀਬਨ 30 ਹਜ਼ਾਰ ਸ਼ਰਨਾਰਥੀਆਂ ਨੂੰ ਨੋਟਿਸ ਭੇਜੇ ਗਏ ਹਨ ਅਤੇ ਉਨ੍ਹਾਂ ਦੀਆਂ ਅਰਜ਼ੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਚੰਡੀਗੜ੍ਹ- ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਲਈ ਇੱਕ ਵੱਡੀ ਚਿੰਤਾਜਨਕ ਸਥਿਤੀ ਬਣ ਰਹੀ ਹੈ। ਨਵੇਂ ਇਮੀਗ੍ਰੇਸ਼ਨ ਕਾਨੂੰਨ ਦੇ ਲਾਗੂ ਹੋਣ ਨਾਲ ਕਰੀਬ 9 ਹਜ਼ਾਰ ਪੰਜਾਬੀਆਂ ’ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਸਰਕਾਰ ਵੱਲੋਂ ਇਸ ਸੰਬੰਧੀ ਤਕਰੀਬਨ 30 ਹਜ਼ਾਰ ਸ਼ਰਨਾਰਥੀਆਂ ਨੂੰ ਨੋਟਿਸ ਭੇਜੇ ਗਏ ਹਨ ਅਤੇ ਉਨ੍ਹਾਂ ਦੀਆਂ ਅਰਜ਼ੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵਿਨੀਪੈਗ ’ਚ ਵਿਦਿਆਰਥੀਆਂ ਦਾ ਵਿਰੋਧ
ਇਸ ਫੈਸਲੇ ਦੇ ਖਿਲਾਫ ਪੰਜਾਬੀ ਸਮੇਤ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੇ 17 ਅਪ੍ਰੈਲ ਨੂੰ ਵਿਨੀਪੈਗ ਵਿੱਚ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਵਰਕ ਪਰਮਿਟ ਰੱਦ ਨਾ ਕੀਤੇ ਜਾਣ ਅਤੇ ਡਿਪੋਰਟੇਸ਼ਨ ਦੀ ਕਾਰਵਾਈ ’ਤੇ ਰੋਕ ਲਗਾਈ ਜਾਵੇ।
ਨੋਟਿਸ ’ਚ ਪੁੱਛੇ ਗਏ ਮੁੱਖ ਸਵਾਲ
ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ ਖਤਮ ਹੋ ਚੁੱਕੇ ਹਨ ਅਤੇ ਜੋ ਸ਼ਰਨਾਰਥੀ ਵਜੋਂ ਰਹਿ ਰਹੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਪੁੱਛਿਆ ਗਿਆ ਹੈ ਕਿ ਉਹਨਾਂ ਨੇ ਕੈਨੇਡਾ ਆਉਣ ਤੋਂ ਇੱਕ ਸਾਲ ਦੇ ਅੰਦਰ ਸ਼ਰਨ ਲਈ ਅਰਜ਼ੀ ਕਿਉਂ ਨਹੀਂ ਦਿੱਤੀ। ਜੇਕਰ ਵਾਜਬ ਕਾਰਨ ਨਹੀਂ ਦਿੱਤਾ ਗਿਆ ਤਾਂ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ।
3 ਮਈ ਤੱਕ ਜਵਾਬ ਦੇਣਾ ਲਾਜ਼ਮੀ
ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿੱਚ ਜਾਨ ਦਾ ਖਤਰਾ ਜਾਂ ਗੰਭੀਰ ਸਿਹਤ ਸਮੱਸਿਆ ਹੈ, ਉਹ ਇਸ ਦੇ ਸਬੂਤ ਪੇਸ਼ ਕਰਨ। ਸਾਰੇ ਅਰਜ਼ੀਦਾਰਾਂ ਨੂੰ 21 ਦਿਨਾਂ ਅੰਦਰ, ਯਾਨੀ 3 ਮਈ ਤੱਕ ਜਵਾਬ ਦੇਣਾ ਹੋਵੇਗਾ। ਜਵਾਬ ਨਾ ਦੇਣ ਦੀ ਸੂਰਤ ਵਿੱਚ ਵਰਕ ਪਰਮਿਟ ਰੱਦ ਕਰਕੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।
ਨਵੇਂ ਨਿਯਮਾਂ ਨਾਲ ਆਏ ਵੱਡੇ ਬਦਲਾਅ
ਨਵੇਂ ਕਾਨੂੰਨ ਦੇ ਤਹਿਤ ਹੁਣ ਸ਼ਰਨਾਰਥੀ ਕੇਸਾਂ ਦੀ ਸੁਣਵਾਈ ਲੰਬੇ ਸਮੇਂ ਲਈ ਲਟਕ ਨਹੀਂ ਸਕੇਗੀ। ਪਹਿਲਾਂ ਇਹ ਮਾਮਲੇ ਸ਼ਰਨਾਰਥੀ ਬੋਰਡ ਕੋਲ ਜਾਂਦੇ ਸਨ ਅਤੇ ਫੈਸਲੇ ਵਿੱਚ ਕਈ ਸਾਲ ਲੱਗਦੇ ਸਨ, ਜਿਸ ਨਾਲ ਲੋਕ ਕਾਫੀ ਸਮੇਂ ਤੱਕ ਕੈਨੇਡਾ ਵਿੱਚ ਰਹਿ ਸਕਦੇ ਸਨ। ਹੁਣ ਇੱਕ ਸਾਲ ਦੇ ਅੰਦਰ ਅਰਜ਼ੀ ਦੇਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
ਪੰਜਾਬੀ ਵਿਦਿਆਰਥੀਆਂ ਲਈ ਮੁਸ਼ਕਲ ਹਾਲਾਤ
ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਕੈਨੇਡਾ ਪੜ੍ਹਾਈ ਲਈ ਜਾਂਦੇ ਹਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਹੈ। ਪਹਿਲਾਂ ਵਰਕ ਪਰਮਿਟ ਮੁੱਕਣ ’ਤੇ ਉਹ ਸ਼ਰਨ ਲੈ ਕੇ ਲੰਬੇ ਸਮੇਂ ਤੱਕ ਰਹਿ ਸਕਦੇ ਸਨ, ਪਰ ਹੁਣ ਨਵੇਂ ਨਿਯਮਾਂ ਨਾਲ ਇਹ ਰਸਤਾ ਮੁਸ਼ਕਲ ਹੋ ਗਿਆ ਹੈ ਅਤੇ ਡਿਪੋਰਟੇਸ਼ਨ ਦਾ ਖਤਰਾ ਕਾਫੀ ਵੱਧ ਗਿਆ ਹੈ।
–(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


