ਅੰਮ੍ਰਿਤਸਰ ‘ਚ ਨਸ਼ਾ ਤਸਕਰੀ ‘ਤੇ ਵੱਡਾ ਪ੍ਰਹਾਰ: 450 ਕਰੋੜ ਦੀ ਹੈਰੋਇਨ ਕਬਜ਼ੇ ‘ਚ, 2 ਗ੍ਰਿਫ਼ਤਾਰ
ਇਸ ਕਾਰਵਾਈ ਦੌਰਾਨ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਤਸਕਰੀ ਯੋਜਨਾ ਨੂੰ ਫੇਲ੍ਹ ਕੀਤਾ ਗਿਆ ਹੈ।

ਸ੍ਰੀ ਅਮ੍ਰਿਤਸਰ ਸਾਹਿਬ- ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਨੇ ਇੱਕ ਮਹੱਤਵਪੂਰਨ ਕਾਰਵਾਈ ਕਰਦਿਆਂ 64.62 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸਦੀ ਕੀਮਤ ਕਰੀਬ 450 ਕਰੋੜ ਰੁਪਏ ਅੰਕੜੀ ਜਾ ਰਹੀ ਹੈ। ਇਸ ਕਾਰਵਾਈ ਦੌਰਾਨ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਤਸਕਰੀ ਯੋਜਨਾ ਨੂੰ ਫੇਲ੍ਹ ਕੀਤਾ ਗਿਆ ਹੈ।
ਪੁਲਿਸ ਦੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਰਵਣ ਸਿੰਘ ਅਤੇ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਪਿੰਡ ਮਹਿਲ ਦੇ ਨੇੜਲੇ ਇਲਾਕੇ ‘ਚ ਕਾਬੂ ਕੀਤਾ ਗਿਆ। ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਅਤੇ ਇਸਨੂੰ ਅੱਗੇ ਵੱਖ-ਵੱਖ ਇਲਾਕਿਆਂ ਵਿੱਚ ਵੰਡਣ ਦੀ ਯੋਜਨਾ ਸੀ।
ਹੋਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਮਾਮਲੇ ਦੇ ਤਾਰ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਨਾਲ ਜੁੜੇ ਹੋਏ ਹਨ ਅਤੇ ਪਾਕਿਸਤਾਨ ਦੇ ਮੂਸਾ ਗੈਂਗ ਨਾਲ ਵੀ ਇਸਦਾ ਸੰਬੰਧ ਹੈ। ਇਹ ਗਿਰੋਹ ਲੰਮੇ ਸਮੇਂ ਤੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਕੇ ਪੰਜਾਬ ਸਮੇਤ ਹੋਰ ਸੂਬਿਆਂ ਵਿੱਚ ਸਪਲਾਈ ਕਰ ਰਿਹਾ ਸੀ।
ਇਸ ਕੇਸ ਸਬੰਧੀ ਅੰਮ੍ਰਿਤਸਰ ਦੇ ਐਸਐਸਓਸੀ ਥਾਣੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਗਿਰੋਹ ਨੂੰ ਬੇਨਕਾਬ ਕਰਕੇ ਇਸਦੇ ਹਰ ਮੈਂਬਰ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਲੇਖਣੀਯ ਹੈ ਕਿ ਪੰਜਾਬ ਸਰਕਾਰ ਵੱਲੋਂ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਹੇਠ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਵੱਖ-ਵੱਖ ਪ੍ਰੋਗਰਾਮ ਅਤੇ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ।
ਇਸਦੇ ਨਾਲ ਹੀ ਪਿੰਡ ਪੱਧਰ ‘ਤੇ ਨਸ਼ਿਆਂ ਨੂੰ ਰੋਕਣ ਲਈ “ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਰਾਹੀਂ ਨੌਜਵਾਨਾਂ ਨੂੰ ਜੋੜਿਆ ਜਾ ਰਿਹਾ ਹੈ, ਤਾਂ ਜੋ ਉਹ ਸਮਾਜ ਵਿੱਚ ਹੋ ਰਹੀਆਂ ਗਲਤ ਗਤੀਵਿਧੀਆਂ ਬਾਰੇ ਪੁਲਿਸ ਨੂੰ ਸੂਚਿਤ ਕਰ ਸਕਣ ਅਤੇ ਨਸ਼ਿਆਂ ਦੇ ਖ਼ਿਲਾਫ਼ ਲੜਾਈ ਵਿੱਚ ਆਪਣਾ ਯੋਗਦਾਨ ਦੇ ਸਕਣ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


