ਭਿਆਨਕ ਗਰਮੀ ਦਾ ਅਸਰ: ਕੀ ਪੰਜਾਬ ‘ਚ ਸਕੂਲਾਂ ਦਾ ਸਮਾਂ ਬਦਲੇਗਾ?
ਵਧਦੇ ਤਾਪਮਾਨ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਸੁਰੱਖਿਆ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ, ਤਾਂ ਜੋ ਵਿਦਿਆਰਥੀਆਂ ਨੂੰ ਲੂ ਤੋਂ ਬਚਾਇਆ ਜਾ ਸਕੇ।

ਚੰਡੀਗੜ੍ਹ- ਪੰਜਾਬ ਵਿੱਚ ਅਪ੍ਰੈਲ ਮਹੀਨੇ ਹੀ ਗਰਮੀ ਨੇ ਤੀਖਾ ਰੁਖ ਅਪਣਾ ਲਿਆ ਹੈ। ਹੀਟਵੇਵ ਦੇ ਚਲਦਿਆਂ ਦਿਨ ਦੇ ਸਮੇਂ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਤਪਦੀ ਗਰਮੀ ਦਾ ਸਭ ਤੋਂ ਵੱਧ ਅਸਰ ਸਕੂਲੀ ਬੱਚਿਆਂ ‘ਤੇ ਪੈ ਰਿਹਾ ਹੈ। ਵਧਦੇ ਤਾਪਮਾਨ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਸੁਰੱਖਿਆ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ, ਤਾਂ ਜੋ ਵਿਦਿਆਰਥੀਆਂ ਨੂੰ ਲੂ ਤੋਂ ਬਚਾਇਆ ਜਾ ਸਕੇ।
ਮਾਪਿਆਂ ਅਤੇ ਅਧਿਆਪਕਾਂ ਦੀ ਮੰਗ ਤੇਜ਼
ਮਾਪਿਆਂ ਅਤੇ ਅਧਿਆਪਕ ਜੱਥੇਬੰਦੀਆਂ ਨੇ ਸਰਕਾਰ ਕੋਲ ਮੰਗ ਰੱਖੀ ਹੈ ਕਿ ਸਕੂਲਾਂ ਦਾ ਸਮਾਂ ਤੁਰੰਤ ਬਦਲਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ‘ਚ ਬੱਚਿਆਂ ਲਈ ਦੁਪਹਿਰ ਤੱਕ ਸਕੂਲ ‘ਚ ਬੈਠਣਾ ਔਖਾ ਹੋ ਗਿਆ ਹੈ। ਇਸ ਲਈ ਉਹਨਾਂ ਨੇ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਰਨ ਦੀ ਸਿਫ਼ਾਰਸ਼ ਕੀਤੀ ਹੈ, ਤਾਂ ਜੋ ਤਿੱਖੀ ਧੁੱਪ ਤੋਂ ਬਚਿਆ ਜਾ ਸਕੇ।
ਬਿਜਲੀ ਕੱਟਾਂ ਨੇ ਵਧਾਈ ਮੁਸ਼ਕਲ
ਗਰਮੀ ਦੇ ਨਾਲ ਨਾਲ ਲੰਬੇ ਬਿਜਲੀ ਕੱਟ ਵੀ ਵੱਡੀ ਸਮੱਸਿਆ ਬਣੇ ਹੋਏ ਹਨ। ਕਈ ਸਰਕਾਰੀ ਸਕੂਲਾਂ ‘ਚ ਬਿਜਲੀ ਨਾ ਹੋਣ ਕਾਰਨ ਪੱਖੇ ਅਤੇ ਪਾਣੀ ਦੀ ਸਹੂਲਤ ਠੱਪ ਹੋ ਜਾਂਦੀ ਹੈ। ਨਿੱਜੀ ਸਕੂਲਾਂ ‘ਚ ਜਨਰੇਟਰ ਹੋਣ ਕਾਰਨ ਕੁਝ ਹੱਦ ਤੱਕ ਰਾਹਤ ਮਿਲਦੀ ਹੈ, ਪਰ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਬੱਚੇ ਗਰਮੀ ਅਤੇ ਹੁੰਮਸ ‘ਚ ਪੜ੍ਹਾਈ ਕਰਨ ਲਈ ਮਜਬੂਰ ਹਨ।
ਪਾਣੀ ਦੀ ਕਮੀ ਨੇ ਵਧਾਈ ਚਿੰਤਾ
ਬਿਜਲੀ ਗੁੱਲ ਹੋਣ ਨਾਲ ਸਕੂਲਾਂ ਦੀਆਂ ਮੋਟਰਾਂ ਵੀ ਬੰਦ ਹੋ ਜਾਂਦੀਆਂ ਹਨ, ਜਿਸ ਕਾਰਨ ਪੀਣ ਵਾਲੇ ਪਾਣੀ ਦੀ ਕਮੀ ਪੈ ਜਾਂਦੀ ਹੈ। ਬੱਚਿਆਂ ਨੂੰ ਪਾਣੀ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਸਿਹਤ ਲਈ ਖਤਰਨਾਕ ਹੋ ਸਕਦਾ ਹੈ।
ਸਿਹਤ ਅਤੇ ਹਾਜ਼ਰੀ ‘ਤੇ ਪੈ ਰਿਹਾ ਅਸਰ
ਡਾਕਟਰਾਂ ਅਨੁਸਾਰ, ਵਧਦਾ ਤਾਪਮਾਨ ਬੱਚਿਆਂ ਦੀ ਸਿਹਤ ‘ਤੇ ਸਿੱਧਾ ਅਸਰ ਪਾ ਰਿਹਾ ਹੈ। ਕਈ ਸਕੂਲਾਂ ‘ਚ ਹਾਜ਼ਰੀ ਘਟ ਰਹੀ ਹੈ ਅਤੇ ਬੱਚੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਦਾ ਸਰੀਰ ਜ਼ਿਆਦਾ ਗਰਮੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੁੰਦਾ, ਇਸ ਲਈ ਜਲਦੀ ਫੈਸਲਾ ਲੈਣਾ ਜ਼ਰੂਰੀ ਹੈ।
-(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


