ਅੰਮ੍ਰਿਤਸਰ ‘ਚ ਭਿਆਨਕ ਸੜਕ ਹਾਦਸਾ, ਪਤੀ-ਪਤਨੀ ਤੇ ਧੀ ਦੀ ਜਾਨ ਗਈ: ਐਕਟਿਵਾ ‘ਤੇ ਜਾ ਰਹੇ ਪਰਿਵਾਰ ਨੂੰ ਤੇਜ਼ ਕਾਰ ਨੇ ਮਾਰੀ ਟੱਕਰ
ਇਹ ਹਾਦਸਾ ਪਿੰਡ ਘਨਸ਼ਿਆਮਪੁਰ ਅਤੇ ਤਨੇਲ ਦੇ ਵਿਚਕਾਰ ਉਸ ਸਮੇਂ ਵਾਪਰਿਆ, ਜਦੋਂ ਇਕ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ‘ਤੇ ਜਾ ਰਹੇ ਪਰਿਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਸ੍ਰੀ ਅੰਮ੍ਰਿਤਸਰ ਸਾਹਿਬ- ਅੰਮ੍ਰਿਤਸਰ ਦੇ ਮੇਹਤਾ ਰੋਡ ‘ਤੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਇਕੋ ਘਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਘਨਸ਼ਿਆਮਪੁਰ ਅਤੇ ਤਨੇਲ ਦੇ ਵਿਚਕਾਰ ਉਸ ਸਮੇਂ ਵਾਪਰਿਆ, ਜਦੋਂ ਇਕ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ‘ਤੇ ਜਾ ਰਹੇ ਪਰਿਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਘੁਮਾਣ ਦੇ ਨੇੜਲੇ ਪਿੰਡ ਬਲੜਵਾਲ ਦੇ ਵਸਨੀਕ ਰੇਸ਼ਮ ਸਿੰਘ ਆਪਣੀ ਪਤਨੀ ਸੀਮਾ ਅਤੇ ਧੀ ਕਵਲਦੀਪ ਕੌਰ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਪਿੰਡ ਭੱਟੀ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੇ ਸਨ। ਜਿਵੇਂ ਹੀ ਉਹ ਮੇਹਤਾ ਰੋਡ ‘ਤੇ ਪਹੁੰਚੇ, ਮੇਹਤਾ ਵੱਲੋਂ ਆ ਰਹੀ ਕਾਲੇ ਰੰਗ ਦੀ ਤੇਜ਼ ਰਫ਼ਤਾਰ ਹੁੰਡਈ ਕ੍ਰੇਟਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਕੇ ਆਪਣੀ ਚਪੇਟ ਵਿੱਚ ਲੈ ਲਿਆ।
ਮੌਕੇ ‘ਤੇ ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਟੱਕਰ ਬਹੁਤ ਹੀ ਜ਼ੋਰਦਾਰ ਸੀ ਜਿਸ ਕਾਰਨ ਰੇਸ਼ਮ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਅਤੇ ਧੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਅਤੇ ਥਾਣਾ ਮੇਹਤਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜ਼ਖ਼ਮੀਆਂ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਦੇ ਚਲਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਹਸਪਤਾਲ ਵਿੱਚ ਇਲਾਜ ਦੌਰਾਨ ਦੋ ਹੋਰਾਂ ਦੀ ਮੌਤ
ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਸੀਮਾ ਅਤੇ ਕਵਲਦੀਪ ਕੌਰ ਨੇ ਵੀ ਆਖ਼ਰੀ ਸਾਹ ਲੈ ਲਿਆ। ਇਸ ਤਰ੍ਹਾਂ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਡੂੰਘਾ ਦੁੱਖ ਅਤੇ ਰੋਸ ਵੇਖਿਆ ਜਾ ਰਿਹਾ ਹੈ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


