ਪੰਜਾਬ ‘ਚ ਭਾਜਪਾ ਦੇ 2 MLA, ਪਰ ਰਾਜ ਸਭਾ ‘ਚ 6 ਸਾਂਸਦ… ਸੀਐਮ ਮਾਨ ਨੇ ਰਾਸ਼ਟਰਪਤੀ ਅੱਗੇ ਉਠਾਇਆ ਮੁੱਦਾ
ਇਸ ਦੌਰਾਨ ਸੀਐਮ ਵੱਲੋਂ ਇੱਕ ਲਿਖਤੀ ਮੰਗ ਪੱਤਰ ਵੀ ਰਾਸ਼ਟਰਪਤੀ ਨੂੰ ਸੌਂਪਿਆ ਗਿਆ, ਜਿਸ ‘ਤੇ ਪੰਜਾਬ ਦੇ 95 ਵਿਧਾਇਕਾਂ ਦੇ ਦਸਤਖ਼ਤ ਦਰਜ ਸਨ।

ਦਿੱਲੀ- ਪੰਜਾਬ ਦੇ 6 ਰਾਜ ਸਭਾ ਸਾਂਸਦਾਂ ਵੱਲੋਂ ਦਲ ਬਦਲ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੇ ਮਾਮਲੇ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਂਸਦਾਂ ਦੇ ਦਲ ਬਦਲਣ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਇਸ ‘ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਸੀਐਮ ਵੱਲੋਂ ਇੱਕ ਲਿਖਤੀ ਮੰਗ ਪੱਤਰ ਵੀ ਰਾਸ਼ਟਰਪਤੀ ਨੂੰ ਸੌਂਪਿਆ ਗਿਆ, ਜਿਸ ‘ਤੇ ਪੰਜਾਬ ਦੇ 95 ਵਿਧਾਇਕਾਂ ਦੇ ਦਸਤਖ਼ਤ ਦਰਜ ਸਨ।
ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਗੰਭੀਰ ਤਰੀਕੇ ਨਾਲ ਰਾਖਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸੰਵਿਧਾਨ ਅਤੇ ਲੋਕਤੰਤਰ ਨਾਲ ਖਿਲਵਾੜ ਹੋ ਰਿਹਾ ਹੈ। ਅਚਾਨਕ 7 ਸੰਸਦ ਮੈਂਬਰ ਇਕੱਠੇ ਹੋ ਕੇ ਇਹ ਕਹਿ ਦੇਣ ਕਿ ਉਹ ਹੁਣ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਇਹ ਲੋਕਤੰਤਰਕ ਮਰਯਾਦਾਵਾਂ ਦੇ ਖਿਲਾਫ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਾਰਟੀ ਦਾ ਦੋ-ਤਿਹਾਈ ਹਿੱਸਾ ਇਕੱਠੇ ਹੋ ਕੇ ਰੈਜ਼ੋਲਿਊਸ਼ਨ ਪਾਸ ਕਰਦਾ ਹੈ ਤਾਂ ਹੀ ਦਲ ਬਦਲ ਜਾਇਜ਼ ਮੰਨਿਆ ਜਾ ਸਕਦਾ ਹੈ, ਨਹੀਂ ਤਾਂ ਇਹ ਗਲਤ ਹੈ।
ਸੀਐਮ ਨੇ ਸਵਾਲ ਉਠਾਇਆ ਕਿ ਜਦੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੇਵਲ 2 ਵਿਧਾਇਕ ਹਨ, ਤਾਂ ਰਾਜ ਸਭਾ ਵਿੱਚ 6 ਸਾਂਸਦ ਕਿਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਦੀ ਆਤਮਾ ਨਾਲ ਖੇਡਣ ਦੇ ਬਰਾਬਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ 95 ਵਿਧਾਇਕਾਂ ਵੱਲੋਂ ਹਸਤਾਖਰ ਕੀਤਾ ਗਿਆ ਮੰਗ ਪੱਤਰ ਰਾਸ਼ਟਰਪਤੀ ਨੂੰ ਦਿੱਤਾ ਗਿਆ ਹੈ, ਜਿਸ ਵਿੱਚ ਇਸ ਮਾਮਲੇ ‘ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਸੀਐਮ ਮਾਨ ਨੇ ਅੱਗੇ ਕਿਹਾ ਕਿ ਸੰਵਿਧਾਨ ਵਿੱਚ ਰੀਕਾਲ ਦਾ ਪ੍ਰਬੰਧ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੰਵਿਧਾਨ ਵਿੱਚ ਪਹਿਲਾਂ ਵੀ ਕਈ ਵਾਰ ਸੋਧਾਂ ਕੀਤੀਆਂ ਗਈਆਂ ਹਨ ਅਤੇ ਹੁਣ ਇੱਕ ਹੋਰ ਸੋਧ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਤਾਂ ਜੋ ਅਜਿਹੀਆਂ ਸਥਿਤੀਆਂ ਨੂੰ ਰੋਕਿਆ ਜਾ ਸਕੇ।
ਬਾਗੀ ਸਾਂਸਦਾਂ ‘ਤੇ ਸੀਐਮ ਮਾਨ ਦਾ ਤਿੱਖਾ ਹਮਲਾ
ਸੀਐਮ ਮਾਨ ਨੇ ਬਾਗੀ ਸਾਂਸਦਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰੀਕਾਲ ਦਾ ਮੁੱਦਾ ਪਹਿਲਾਂ ਵੀ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਚੁਣਿਆ ਗਿਆ ਨੁਮਾਇੰਦਾ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਦਾ, ਤਾਂ ਉਸਨੂੰ ਅਹੁਦੇ ਤੋਂ ਹਟਾਉਣ ਦਾ ਹੱਕ ਲੋਕਾਂ ਕੋਲ ਹੋਣਾ ਚਾਹੀਦਾ ਹੈ। ਉਨ੍ਹਾਂ ਬਾਗੀ ਸਾਂਸਦਾਂ ਨੂੰ ਪੁੱਛਿਆ ਕਿ ਕੀ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰੇ ਹਨ।
ਸੀਐਮ ਨੇ ਕਿਹਾ ਕਿ ਜੇਕਰ ਬਾਗੀ ਸਾਂਸਦਾਂ ਵਿੱਚ ਸੱਚਮੁੱਚ ਇਮਾਨਦਾਰੀ ਹੁੰਦੀ, ਤਾਂ ਉਹ ਅਸਤੀਫ਼ਾ ਦੇ ਕੇ ਨਵਾਂ ਮੰਡੇਟ ਲੈਂਦੇ। ਉਨ੍ਹਾਂ ਕਿਹਾ ਕਿ ਪਹਿਲਾਂ ਇਹੀ ਲੋਕ ਭਾਜਪਾ ਨੂੰ ਗੁੰਡਾਗਰਦੀ ਅਤੇ ਪੈਸੇ ਦੀ ਰਾਜਨੀਤੀ ਵਾਲੀ ਪਾਰਟੀ ਕਹਿੰਦੇ ਸਨ, ਪਰ ਹੁਣ ਉਸੇ ਪਾਰਟੀ ਵਿੱਚ ਜਾ ਕੇ ਆਪਣੇ ਆਪ ਨੂੰ ਸਾਫ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਵਿਧਾਇਕਾਂ ਨੂੰ ਚੁਣਿਆ ਅਤੇ ਫਿਰ ਉਹਨਾਂ ਵਿਧਾਇਕਾਂ ਨੇ ਰਾਜ ਸਭਾ ਸਾਂਸਦ ਚੁਣੇ। ਇਹ ਪੂਰੀ ਪ੍ਰਕਿਰਿਆ ਲੋਕਤੰਤਰਕ ਫੈਸਲੇ ਦਾ ਹਿੱਸਾ ਹੈ, ਪਰ ਹੁਣ ਉਹੀ ਨੁਮਾਇੰਦੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸੀਐਮ ਮਾਨ ਨੇ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਦੇ ਬਰਾਬਰ ਹੈ ਅਤੇ ਪੰਜਾਬ ਦੇ ਲੋਕ ਅਜਿਹੀ ਗੱਦਾਰੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


