3 ਘੰਟਿਆਂ ਵਿੱਚ 2 ਧਮਾਕੇ: ਜਲੰਧਰ–ਅੰਮ੍ਰਿਤਸਰ ‘ਚ ਫੈਲੀ ਦਹਿਸ਼ਤ, ਪੰਜਾਬ ਨੂੰ ਹਿਲਾਉਣ ਦੀ ਕੋਸ਼ਿਸ਼ ਕੌਣ ਕਰ ਰਿਹਾ?
ਇਸ ਘਟਨਾ ਦੀ ਵੀਡੀਓ ਵੀ ਸੀਸੀਟੀਵੀ ਵਿੱਚ ਕੈਦ ਹੋਈ ਹੈ, ਜਿਸ ਤੋਂ ਬਾਅਦ ਇਹ ਸਵਾਲ ਉੱਠ ਰਿਹਾ ਹੈ ਕਿ ਆਖਿਰ ਪੰਜਾਬ ਨੂੰ ਅਸ਼ਾਂਤ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ।

ਸ੍ਰੀ ਅਮ੍ਰਿਤਸਰ ਸਾਹਿਬ- ਦੇਰ ਰਾਤ ਕੁਝ ਘੰਟਿਆਂ ਦੇ ਅੰਦਰ ਹੋਏ ਦੋ ਵੱਡੇ ਧਮਾਕਿਆਂ ਨੇ ਪੰਜਾਬ ਦੇ ਮਾਹੌਲ ਨੂੰ ਹਿਲਾ ਦਿੱਤਾ। ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵਾਪਰੀਆਂ ਇਨ੍ਹਾਂ ਸ਼ੱਕੀ ਘਟਨਾਵਾਂ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ ਹੋ ਗਈ ਹੈ। ਅੰਮ੍ਰਿਤਸਰ ਵਿੱਚ ਖਾਸਾ ਆਰਮੀ ਛਾਉਣੀ ਦੇ ਬਾਹਰ ਦੇਰ ਰਾਤ ਧਮਾਕਾ ਹੋਇਆ, ਜਦਕਿ ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਨੇੜੇ ਇੱਕ ਸਕੂਟੀ ਵਿੱਚ ਧਮਾਕਾ ਹੋਣ ਨਾਲ ਅੱਗ ਲੱਗ ਗਈ। ਇਸ ਘਟਨਾ ਦੀ ਵੀਡੀਓ ਵੀ ਸੀਸੀਟੀਵੀ ਵਿੱਚ ਕੈਦ ਹੋਈ ਹੈ, ਜਿਸ ਤੋਂ ਬਾਅਦ ਇਹ ਸਵਾਲ ਉੱਠ ਰਿਹਾ ਹੈ ਕਿ ਆਖਿਰ ਪੰਜਾਬ ਨੂੰ ਅਸ਼ਾਂਤ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ।
ਕੁਝ ਘੰਟਿਆਂ ਵਿੱਚ ਦੋ ਵੱਡੀਆਂ ਘਟਨਾਵਾਂ
ਮਿਲੀ ਜਾਣਕਾਰੀ ਅਨੁਸਾਰ, ਜਲੰਧਰ ਵਿੱਚ ਧਮਾਕਾ ਸ਼ਾਮ ਕਰੀਬ 7 ਤੋਂ 7:30 ਵਜੇ ਦੇ ਵਿਚਕਾਰ ਹੋਇਆ, ਜਦਕਿ ਅੰਮ੍ਰਿਤਸਰ ਵਿੱਚ ਇਹ ਘਟਨਾ ਦੇਰ ਰਾਤ ਵਾਪਰੀ। ਅੰਮ੍ਰਿਤਸਰ ਦੇ ਖਾਸਾ ਆਰਮੀ ਖੇਤਰ ਦੀ ਬਾਊਂਡਰੀ ਵਾਲ ‘ਤੇ ਹੋਏ ਧਮਾਕੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬਾਹਰੋਂ ਵਿਸਫੋਟਕ ਵਸਤੂ ਅੰਦਰ ਸੁੱਟੀ ਸੀ। ਹਾਲਾਂਕਿ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਫੋਰੈਂਸਿਕ ਜਾਂਚ ਦੌਰਾਨ ਟੀਮਾਂ ਨੂੰ ਕੰਧ ਨੇੜੇ ਲੋਹੇ ਵਰਗੀ ਵਸਤੂ ਮਿਲੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਬਾਹਰੋਂ ਵਿਸਫੋਟਕ ਸੁੱਟਿਆ। ਜਾਣਕਾਰੀ ਇਹ ਵੀ ਮਿਲੀ ਹੈ ਕਿ ਮੋਟਰਸਾਈਕਲ ‘ਤੇ ਆਏ ਨਕਾਬਪੋਸ਼ ਲੋਕ ਧਮਾਕਾ ਕਰਨ ਤੋਂ ਬਾਅਦ ਤੁਰੰਤ ਫਰਾਰ ਹੋ ਗਏ।
ਧਮਾਕੇ ਦੀ ਤਾਕਤ ਇੰਨੀ ਸੀ ਕਿ ਨੇੜੇ ਲੱਗੇ ਟੀਨ ਦੇ ਸ਼ੈੱਡ ਨੁਕਸਾਨੀ ਹੋ ਗਏ ਅਤੇ ਕੰਧ ਨੂੰ ਵੀ ਹਲਕਾ ਨੁਕਸਾਨ ਪਹੁੰਚਿਆ। ਆਵਾਜ਼ ਸੁਣਦੇ ਹੀ ਫੌਜ ਅਤੇ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਵਿੱਚ ਗ੍ਰਨੇਡ ਵਰਗੇ ਹਥਿਆਰ ਦੀ ਵਰਤੋਂ ਹੋ ਸਕਦੀ ਹੈ। ਇਲਾਕੇ ਵਿੱਚ ਸਰਚ ਅਭਿਆਨ ਵੀ ਚਲਾਇਆ ਜਾ ਰਿਹਾ ਹੈ।
ਇਹ ਥਾਂ ਬੀਐਸਐਫ ਖਾਸਾ ਕੈਂਪ ਦੇ ਨੇੜੇ ਹੈ, ਜੋ ਆਰਮੀ ਖੇਤਰ ਤੋਂ ਕੁਝ ਦੂਰੀ ‘ਤੇ ਸਥਿਤ ਹੈ। ਸ਼ੁਰੂਆਤੀ ਜਾਣਕਾਰੀ ਦੇ ਆਧਾਰ ‘ਤੇ ਦੋਹਾਂ ਧਮਾਕਿਆਂ ਵਿੱਚ ਆਈਈਡੀ ਵਰਤੋਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਜਲੰਧਰ ਵਿੱਚ ਸਕੂਟੀ ‘ਚ ਧਮਾਕਾ
ਜਲੰਧਰ ਦੇ ਬੀਐਸਐਫ ਚੌਕ ਕੋਲ ਇੱਕ ਐਕਟਿਵਾ ਸਕੂਟੀ ਵਿੱਚ ਧਮਾਕਾ ਹੋਇਆ, ਜਿਸ ਨਾਲ ਵਾਹਨ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਧਮਾਕੇ ਦੇ ਅਸਲ ਕਾਰਣ ਹਾਲੇ ਤੱਕ ਸਾਹਮਣੇ ਨਹੀਂ ਆਏ ਹਨ ਅਤੇ ਜਾਂਚ ਜਾਰੀ ਹੈ।
ਸਕੂਟੀ ਚਾਲਕ ਪੁਲਿਸ ਹਿਰਾਸਤ ਵਿੱਚ
ਇਸ ਘਟਨਾ ਵਿੱਚ ਕਿਸੇ ਦੇ ਜਖਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ। ਬੀਐਸਐਫ ਪੰਜਾਬ ਫਰੰਟੀਅਰ ਦਾ ਦਫ਼ਤਰ ਵੀ ਇਸ ਸਥਾਨ ਤੋਂ ਜ਼ਿਆਦਾ ਦੂਰ ਨਹੀਂ ਹੈ। ਪੁਲਿਸ ਨੇ ਸਕੂਟੀ ਚਲਾਉਣ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਫੋਰੈਂਸਿਕ ਟੀਮ ਵੱਲੋਂ ਜਾਂਚ ਜਾਰੀ
ਜਲੰਧਰ ਪੁਲਿਸ ਅਨੁਸਾਰ ਮਾਮਲੇ ਦੇ ਹਰ ਪੱਖ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀ ਕਾਰਣ ਸਾਹਮਣੇ ਆ ਸਕੇਗਾ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


