ਲਾਲਜੀਤ ਭੁੱਲਰ ਮਾਮਲੇ ਵਿੱਚ 542 ਸਫ਼ਿਆਂ ਦਾ ਚਲਾਨ ਅਦਾਲਤ ਵਿੱਚ ਪੇਸ਼, ਤਸ਼ੱਦਦ ਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼
ਇਸ ਰਿਪੋਰਟ ਵਿੱਚ ਭੁੱਲਰ ਉੱਤੇ ਖ਼ੁਦਕੁਸ਼ੀ ਲਈ ਉਕਸਾਉਣ, ਮਾਨਸਿਕ ਅਤੇ ਸਰੀਰਕ ਤਸ਼ੱਦਦ ਕਰਨ ਅਤੇ ਬੇਇੱਜ਼ਤੀ ਕਰਨ ਵਰਗੇ ਗੰਭੀਰ ਇਲਜ਼ਾਮ ਦਰਜ ਕੀਤੇ ਗਏ ਹਨ।

ਚੰਡੀਗੜ੍ਹ
ਪੰਜਾਬ ਰਾਜ ਭੰਡਾਰਨ ਨਿਗਮ ਦੇ ਜ਼ਿਲ੍ਹਾ ਪ੍ਰਬੰਧਕ ਗਗਨਦੀਪ ਰੰਧਾਵਾ ਦੀ ਖ਼ੁਦਕੁਸ਼ੀ ਨਾਲ ਜੁੜੇ ਮਾਮਲੇ ਵਿੱਚ ਪੁਲਿਸ ਨੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਖਿਲਾਫ਼ ਅਦਾਲਤ ਵਿੱਚ 542 ਸਫ਼ਿਆਂ ਦਾ ਚਲਾਨ ਪੇਸ਼ ਕਰ ਦਿੱਤਾ ਹੈ। ਕਰੀਬ 59 ਦਿਨ ਤੱਕ ਚੱਲੀ ਜਾਂਚ ਮਗਰੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਭੁੱਲਰ ਉੱਤੇ ਖ਼ੁਦਕੁਸ਼ੀ ਲਈ ਉਕਸਾਉਣ, ਮਾਨਸਿਕ ਅਤੇ ਸਰੀਰਕ ਤਸ਼ੱਦਦ ਕਰਨ ਅਤੇ ਬੇਇੱਜ਼ਤੀ ਕਰਨ ਵਰਗੇ ਗੰਭੀਰ ਇਲਜ਼ਾਮ ਦਰਜ ਕੀਤੇ ਗਏ ਹਨ।
ਪੁਲਿਸ ਵੱਲੋਂ ਦਾਖ਼ਲ ਕੀਤੇ ਗਏ ਚਲਾਨ ਵਿੱਚ ਗਗਨਦੀਪ ਰੰਧਾਵਾ ਦਾ ਇਲਾਜ ਕਰਨ ਵਾਲੇ ਡਾਕਟਰ ਦੀ ਰਿਪੋਰਟ ਵੀ ਸ਼ਾਮਲ ਕੀਤੀ ਗਈ ਹੈ। ਇਸ ਦੇ ਨਾਲ ਹੀ ਕਰੀਬ 50 ਗਵਾਹਾਂ ਦੇ ਬਿਆਨਾਂ ਨੂੰ ਵੀ ਰਿਕਾਰਡ ਦਾ ਹਿੱਸਾ ਬਣਾਇਆ ਗਿਆ ਹੈ। ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਾਬਕਾ ਮੰਤਰੀ ਖਿਲਾਫ਼ ਲਗੇ ਦੋਸ਼ ਜਾਂਚ ਦੌਰਾਨ ਸਹੀ ਪਾਏ ਗਏ ਹਨ।
ਦੂਜੇ ਪਾਸੇ ਇਸ ਮਾਮਲੇ ਵਿੱਚ ਲਾਲਜੀਤ ਭੁੱਲਰ ਦੇ ਪਿਤਾ ਸੁਖਦੇਵ ਭੁੱਲਰ, ਨਿੱਜੀ ਸਹਾਇਕ ਦਿਲਬਾਗ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਅਜੇ ਤੱਕ ਨਹੀਂ ਹੋ ਸਕੀ। ਪੁਲਿਸ ਜਾਂਚ ਅਨੁਸਾਰ 13 ਮਾਰਚ 2026 ਨੂੰ ਗਗਨਦੀਪ ਰੰਧਾਵਾ ਨੂੰ ਫ਼ੋਨ ਕਰਕੇ ਪੱਟੀ ਸਥਿਤ ਰਿਹਾਇਸ਼ ’ਤੇ ਬੁਲਾਇਆ ਗਿਆ ਸੀ, ਜਿੱਥੇ ਘਰ ਵਿੱਚ ਬਣੇ ਦਫ਼ਤਰ ਅੰਦਰ ਉਸ ਨਾਲ ਕੁੱਟਮਾਰ ਅਤੇ ਬਦਸਲੂਕੀ ਕੀਤੀ ਗਈ ਸੀ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


