ਪੰਜਾਬ ‘ਚ ਭਾਜਪਾ ਨੂੰ ਮਿਲਿਆ 93 ਫ਼ੀਸਦੀ ਚੰਦਾ, ਕੇਜਰੀਵਾਲ ਨੇ ਰਿਪੋਰਟ ਦਾ ਹਵਾਲਾ ਦੇ ਚੁੱਕੇ ਸਵਾਲ
ਇਸੇ ਦੌਰਾਨ ਬੀਤੀ ਰਾਤ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਦੇ ਹੋਏ ਭਾਜਪਾ ਨੂੰ “ਈਡੀ ਪਾਰਟੀ” ਕਰਾਰ ਦਿੱਤਾ ਅਤੇ ਪੰਜਾਬ ਵਿੱਚ ਪਾਰਟੀ ਨੂੰ ਮਿਲੇ ਚੰਦੇ ਨੂੰ ਲੈ ਕੇ ਸਵਾਲ ਉਠਾਏ।

ਚੰਡੀਗੜ੍ਹ
ਬੀਤੇ ਦਿਨ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਈਡੀ ਦੀ ਕਾਰਵਾਈ ਚਰਚਾ ਦਾ ਵਿਸ਼ਾ ਰਹੀ। ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਇਨ੍ਹਾਂ ਛਾਪਿਆਂ ਨੂੰ ਹਿੰਦੂ ਕਾਰੋਬਾਰੀਆਂ ਨੂੰ ਡਰਾਉਣ ਦੀ ਕੋਸ਼ਿਸ਼ ਦੱਸਿਆ। ਇਸੇ ਦੌਰਾਨ ਬੀਤੀ ਰਾਤ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਦੇ ਹੋਏ ਭਾਜਪਾ ਨੂੰ “ਈਡੀ ਪਾਰਟੀ” ਕਰਾਰ ਦਿੱਤਾ ਅਤੇ ਪੰਜਾਬ ਵਿੱਚ ਪਾਰਟੀ ਨੂੰ ਮਿਲੇ ਚੰਦੇ ਨੂੰ ਲੈ ਕੇ ਸਵਾਲ ਉਠਾਏ।
ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਪੰਜਾਬ ਵਿੱਚ ਈਡੀ ਪਾਰਟੀ ਦੀਆਂ ਸਿਰਫ਼ ਦੋ ਸੀਟਾਂ ਹਨ, ਪਰ ਇਸ ਦੇ ਬਾਵਜੂਦ ਉਸ ਨੂੰ ਸੂਬੇ ਦੇ ਕੁੱਲ ਰਾਜਨੀਤਿਕ ਚੰਦੇ ਦਾ 93 ਫ਼ੀਸਦੀ ਹਿੱਸਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਇੰਨੀ ਵੱਡੀ ਰਕਮ ਚੰਦੇ ਵਜੋਂ ਕਿਉਂ ਦਿੱਤੀ ਜਾ ਰਹੀ ਹੈ। ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਕਾਰੋਬਾਰੀਆਂ ਨੂੰ ਈਡੀ ਅਤੇ ਸੀਬੀਆਈ ਰਾਹੀਂ ਦਬਾਅ ਹੇਠ ਰੱਖਿਆ ਜਾ ਰਿਹਾ ਹੈ ਅਤੇ ਚੰਦੇ ਦੇ ਨਾਮ ‘ਤੇ ਵਸੂਲੀ ਹੋ ਰਹੀ ਹੈ।
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਅਜਿਹੀਆਂ ਕਾਰਵਾਈਆਂ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ ਅਤੇ ਕਿਸਾਨ ਅੰਦੋਲਨ ਤੋਂ ਵੀ ਈਡੀ ਪਾਰਟੀ ਨੇ ਕੋਈ ਸਬਕ ਨਹੀਂ ਸਿੱਖਿਆ।
ਕੇਜਰੀਵਾਲ ਨੇ ਕਿਸ ਰਿਪੋਰਟ ਦਾ ਕੀਤਾ ਜ਼ਿਕਰ?
ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਦਾਅਵਿਆਂ ਲਈ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ ਹੈ। ਇਹ ਅੰਕੜੇ ਅਸਲ ਵਿੱਚ ਐਸੋਸੀਏਸ਼ਨ ਫ਼ਾਰ ਡੈਮੋਕ੍ਰੈਟਿਕ ਰਿਫਾਰਮਜ਼ (ADR) ਵੱਲੋਂ 26 ਮਾਰਚ 2026 ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਦਰਜ ਹਨ। ਇਹ ਰਿਪੋਰਟ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਵਾਏ ਗਏ ਉਸ ਡਾਟੇ ‘ਤੇ ਆਧਾਰਿਤ ਹੈ, ਜਿਸ ਤਹਿਤ ਕੌਮੀ ਪਾਰਟੀਆਂ ਨੂੰ 20 ਹਜ਼ਾਰ ਰੁਪਏ ਤੋਂ ਵੱਧ ਮਿਲਣ ਵਾਲੇ ਹਰ ਚੰਦੇ ਦੀ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ।
ਰਿਪੋਰਟ ਮੁਤਾਬਕ ਵਿੱਤੀ ਸਾਲ 2024-25 ਦੌਰਾਨ ਪੰਜਾਬ ਵਿੱਚ ਕੌਮੀ ਪੱਧਰ ਦੀਆਂ ਸਿਆਸੀ ਪਾਰਟੀਆਂ ਨੂੰ ਕੁੱਲ 64.74 ਕਰੋੜ ਰੁਪਏ ਦਾ ਚੰਦਾ ਮਿਲਿਆ। ਇਸ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਲਗਭਗ 60.30 ਕਰੋੜ ਰੁਪਏ ਪ੍ਰਾਪਤ ਹੋਏ, ਜੋ ਕਿ ਕੁੱਲ ਚੰਦੇ ਦਾ ਕਰੀਬ 93 ਫ਼ੀਸਦੀ ਬਣਦਾ ਹੈ। ਬਾਕੀ ਰਹਿੰਦੇ 7 ਫ਼ੀਸਦੀ ਵਿੱਚੋਂ ਲਗਭਗ 3.70 ਕਰੋੜ ਰੁਪਏ ਕਾਂਗਰਸ ਅਤੇ ਕਰੀਬ 71 ਲੱਖ ਰੁਪਏ ਆਮ ਆਦਮੀ ਪਾਰਟੀ ਨੂੰ ਚੰਦੇ ਵਜੋਂ ਮਿਲੇ। ਰਿਪੋਰਟ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸਾਰੇ ਅੰਕੜੇ ਸਬੰਧਤ ਪਾਰਟੀਆਂ ਵੱਲੋਂ ਖ਼ੁਦ ਘੋਸ਼ਿਤ ਕੀਤੇ ਗਏ ਹਨ ਅਤੇ ਇਸ ਵਿੱਚ ਦੇਸ਼ ਭਰ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਦੇ ਚੰਦੇ ਦਾ ਵੇਰਵਾ ਵੀ ਸ਼ਾਮਲ ਹੈ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


