ਡੇਢ ਸਾਲ ਦੀ ਮਾਸੂਮ ਨਾਲ ਬੇਰਹਿਮੀ ਦਾ ਮਾਮਲਾ, ਧੀ ਨੂੰ ਕੁੱਟ ਕੇ ਪਤੀ ਨੂੰ ਭੇਜਦੀ ਰਹੀ ਵੀਡੀਓ; ਮਾਂ ਪੁਲਿਸ ਹਿਰਾਸਤ ‘ਚ
ਮਾਮਲੇ ਦੀ ਇੱਕ ਕਥਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਾਲ ਸੁਰੱਖਿਆ ਵਿਭਾਗ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੀ ਨੂੰ ਸੁਰੱਖਿਅਤ ਬਚਾ ਲਿਆ, ਜਦਕਿ ਮਹਿਲਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਤਰਨਤਾਰਨ
ਤਰਨਤਾਰਨ ਦੇ ਮੁਹੱਲਾ ਨਾਨਕਸਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਉੱਤੇ ਆਪਣੀ ਡੇਢ ਸਾਲ ਦੀ ਧੀ ਨਾਲ ਵਾਰ-ਵਾਰ ਕੁੱਟਮਾਰ ਕਰਨ ਅਤੇ ਉਸ ਦੀਆਂ ਵੀਡੀਓਜ਼ ਬਣਾ ਕੇ ਆਪਣੇ ਪਤੀ ਨੂੰ ਭੇਜਣ ਦੇ ਦੋਸ਼ ਲੱਗੇ ਹਨ। ਮਾਮਲੇ ਦੀ ਇੱਕ ਕਥਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਾਲ ਸੁਰੱਖਿਆ ਵਿਭਾਗ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੀ ਨੂੰ ਸੁਰੱਖਿਅਤ ਬਚਾ ਲਿਆ, ਜਦਕਿ ਮਹਿਲਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ, ਇੱਕ ਵਿਅਕਤੀ ਨੇ ਮਹਿਲਾ ਅਤੇ ਬਾਲ ਸੁਰੱਖਿਆ ਹੈਲਪਲਾਈਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਨਾਲ ਇੱਕ ਵੀਡੀਓ ਵੀ ਭੇਜੀ ਗਈ ਸੀ, ਜਿਸ ਵਿੱਚ ਇੱਕ ਔਰਤ ਆਪਣੀ ਛੋਟੀ ਬੱਚੀ ਨਾਲ ਕੁੱਟਮਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਦੀ ਮਦਦ ਲਈ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਾਜੇਸ਼ ਕੁਮਾਰ ਮੁਤਾਬਕ ਸ਼ਿਕਾਇਤ ਮਿਲਣ ਮਗਰੋਂ ਵਿਭਾਗ ਦੀ ਟੀਮ ਪੁਲਿਸ ਨਾਲ ਮਿਲ ਕੇ ਦੋਸ਼ੀ ਮਹਿਲਾ ਦੇ ਨਾਨਕੇ ਘਰ ਪਹੁੰਚੀ, ਜਿੱਥੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਡੇਢ ਸਾਲ ਦੀ ਬੱਚੀ ਨੂੰ ਸੁਰੱਖਿਅਤ ਆਪਣੇ ਕਬਜ਼ੇ ਵਿੱਚ ਲਿਆ ਗਿਆ।
ਫਿਲਹਾਲ ਬੱਚੀ ਨੂੰ ਉਸਦੀ ਸੁਰੱਖਿਆ ਅਤੇ ਦੇਖਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਅਤ ਥਾਂ ‘ਤੇ ਰੱਖਿਆ ਗਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਏ ਕਾਰਨਾਂ ਨੇ ਜਾਂਚ ਏਜੰਸੀਆਂ ਨੂੰ ਵੀ ਹੈਰਾਨ ਕਰ ਦਿੱਤਾ। ਦੋਸ਼ੀ ਮਹਿਲਾ ਸਿਮਰਨ ਨੇ ਕਥਿਤ ਤੌਰ ‘ਤੇ ਦੱਸਿਆ ਕਿ ਉਸਦਾ ਪਤੀ ਕਈ-ਕਈ ਦਿਨ ਘਰ ਨਹੀਂ ਆਉਂਦਾ ਸੀ। ਉਸ ਨੂੰ ਵਾਪਸ ਘਰ ਲਿਆਉਣ ਲਈ ਉਹ ਬੱਚੀ ਨਾਲ ਕੁੱਟਮਾਰ ਕਰਦੀ, ਉਸ ਦੀ ਵੀਡੀਓ ਬਣਾਉਂਦੀ ਅਤੇ ਆਪਣੇ ਪਤੀ ਨੂੰ ਭੇਜਦੀ ਸੀ, ਤਾਂ ਜੋ ਧੀ ਦੀ ਹਾਲਤ ਦੇਖ ਕੇ ਉਹ ਘਰ ਪਰਤ ਆਵੇ।
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੱਚੀ ਦੇ ਦੋਵੇਂ ਮਾਪੇ ਕਥਿਤ ਤੌਰ ‘ਤੇ ਨਸ਼ੇ ਦੀ ਲਤ ਨਾਲ ਜੂਝ ਰਹੇ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਮਾਸੂਮ ਬੱਚੀ, ਜੋ ਅਜੇ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦੀ, ਪਰਿਵਾਰਕ ਕਲੇਸ਼ ਅਤੇ ਨਸ਼ੇ ਦੀ ਸਮੱਸਿਆ ਦਾ ਸਭ ਤੋਂ ਵੱਡਾ ਸ਼ਿਕਾਰ ਬਣੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਰੋਸ ਦਾ ਮਾਹੌਲ ਹੈ ਅਤੇ ਲੋਕ ਸਵਾਲ ਕਰ ਰਹੇ ਹਨ ਕਿ ਇੱਕ ਮਾਂ ਆਪਣੇ ਹੀ ਬੱਚੇ ਨਾਲ ਅਜਿਹਾ ਸਲੂਕ ਕਿਵੇਂ ਕਰ ਸਕਦੀ ਹੈ। ਬਾਲ ਸੁਰੱਖਿਆ ਵਿਭਾਗ ਅਤੇ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚੀ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ। ਇਹ ਘਟਨਾ ਇੱਕ ਵਾਰ ਫਿਰ ਮਾਸੂਮ ਬੱਚਿਆਂ ਦੀ ਸੁਰੱਖਿਆ ਅਤੇ ਨਸ਼ੇ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਗੰਭੀਰ ਸਮੱਸਿਆ ਵੱਲ ਧਿਆਨ ਖਿੱਚਦੀ ਹੈ।
-(ਜੀ ਨਿਊਜ, ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


